ਲੁਧਿਆਣਾ ’ਚ ਆਈ ਐੱਸ ਆਈ ਦੇ ਤਿੰਨ ਏਜੰਟ ਗ੍ਰਿਫ਼ਤਾਰ
ਹੱਥ ਗੋਲਿਆਂ ਸਣੇ ਹੋਰ ਅਸਲਾ ਬਰਾਮਦ; ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਤੋਂ ਲੈ ਕੇ ਆਏ ਸਨ ਹਥਿਆਰ
ਇਥੋਂ ਦੀ ਪੁਲੀਸ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਦੀ ਪੰਜਾਬ ’ਚ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲੀਸ ਨੇ ਆਈ ਐੱਸ ਆਈ ਨਾਲ ਸਬੰਧਤ ਤਿੰਨ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਦੋ ਮੁਲਜ਼ਮ ਫ਼ਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹੱਥ ਗੋਲਿਆਂ ਸਣੇ ਹੋਰ ਅਸਲਾ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੁਕਤਸਰ ਸਾਹਿਬ ਦੇ ਪਿੰਡ ਰਾਮਗੜ੍ਹ ਝੁੰਗਾ ਦੇ ਕੁਲਦੀਪ ਸਿੰਘ, ਰਮਨੀਕ ਸਿੰਘ ਉਰਫ਼ ਅਮਰੀਕ, ਪਿੰਡ ਪੰਨੀਵਾਲਾ ਦੇ ਪਰਵਿੰਦਰ ਸਿੰਘ ਉਰਫ਼ ਚਿੜੀ ਵਜੋਂ ਹੋਈ ਹੈ। ਰਾਮਗੜ੍ਹ ਦਾ ਸ਼ੇਖਰ ਸਿੰਘ ਤੇ ਬਧਾਈਆਂ ਵਾਸੀ ਫ਼ਰਾਰ ਹਨ। ਸੂਤਰਾਂ ਅਨੁਸਾਰ ਫ਼ਰਾਰ ਮੁਲਜ਼ਮਾਂ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ ਹੈ ਪਰ ਇਸ ਦੀ ਹਾਲੇ ਪੁਸ਼ਟੀ ਨਹੀਂ ਹੋਈ। ਮੁਲਜ਼ਮਾਂ ਨੇ ਅਸਲਾ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਤੋਂ ਲਿਆਂਦਾ ਹੈ।
ਪੁਲੀਸ ਮੁਤਾਬਕ ਸੋਮਵਾਰ ਨੂੰ ਨੂਰਵਾਲਾ ਰੋਡ ਨੇੜੇ ਪਾਣੀ ਵਾਲੀ ਟੈਂਕੀ ਕੋਲ ਐੱਸ ਆਈ ਦਲਬੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਗਸ਼ਤ ਕਰ ਰਹੀ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਦੋ ਫ਼ਰਾਰ ਹੋ ਗਏ। ਪੁਲੀਸ ਅਨੁਸਾਰ ਮੁਲਜ਼ਮ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਦੇ ਏਜੰਟ ਦੇ ਸੰਪਰਕ ਵਿੱਚ ਸਨ। ਉਹ ਅੰਮ੍ਰਿਤਸਰ ਤੋਂ ਅਸਲਾ ਲੈ ਕੇ ਲੁਧਿਆਣਾ ਪੁੱਜੇ ਸਨ ਤੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਸਨ।
ਮੁਲਜ਼ਮਾਂ ਦਾ ਛੇ ਰੋਜ਼ਾ ਪੁਲੀਸ ਰਿਮਾਂਡ
ਹੱਥ ਗੋਲਿਆਂ ਤੇ ਹੋਰ ਅਸਲੇ ਸਣੇ ਕਾਬੂ ਕੀਤੇ ਤਿੰਨਾਂ ਮੁਲਜ਼ਮਾਂ ਦਾ ਪੁਲੀਸ ਨੇ ਮੈਡੀਕਲ ਕਰਵਾ ਕੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਦਾ ਛੇ ਰੋਜ਼ਾ ਪੁਲੀਸ ਰਿਮਾਂਡ ਮਨਜ਼ੂਰ ਕੀਤਾ ਹੈ। ਹੁਣ ਮੁਲਜ਼ਮਾਂ ਕੋਲੋਂ ਪੰਜਾਬ ਪੁਲੀਸ ਦੇ ਨਾਲ ਨਾਲ ਵੱਖ-ਵੱਖ ਏਜੰਸੀਆਂ ਵੀ ਪੁੱਛ-ਪੜਤਾਲ ਕਰਨਗੀਆਂ।
ਭੀੜ ਵਾਲੀ ਥਾਂ ਨੂੰ ਬਣਾਉਣਾ ਸੀ ਨਿਸ਼ਾਨਾ
ਮੁਲਜ਼ਮਾਂ ਕੋਲੋਂ ਹੁਣ ਤੱਕ ਕੀਤੀ ਪੁੱਛ-ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਉਹ ਲੁਧਿਆਣਾ ਵਿੱਚ ਭੀੜ ਵਾਲੀ ਥਾਂ ਨੂੰ ਨਿਸ਼ਾਨਾ ਬਣਾਉਣ ਆਏ ਸਨ। ਉਨ੍ਹਾਂ ਨੂੰ ਹਾਲੇ ਇਹ ਹੁਕਮ ਨਹੀਂ ਮਿਲੇ ਸਨ ਕਿ ਹਮਲਾ ਕਿੱਥੇ ਕਰਨਾ ਹੈ। ਲੁਧਿਆਣਾ ਵਿੱਚ ਪਿਛਲੇ ਦੋ ਦਿਨ ਤੋਂ ਛੱਠ ਪੂਜਾ ਦੇ ਸਮਾਗਮ ਚੱਲ ਰਹੇ ਸਨ ਜਿੱਥੇ ਹਰ ਥਾਂ ਵੱਡੀ ਗਿਣਤੀ ਲੋਕ ਇਕੱਤਰ ਹੋਏ ਸਨ।

