ਸੜਕ ਹਾਦਸੇ ’ਚ ਮਾਮੀ-ਭਾਣਜਾ ਸਣੇ ਤਿੰਨ ਹਲਾਕ, ਦੋ ਜ਼ਖ਼ਮੀ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 2 ਜੂਨ
ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਬੀਤੀ ਰਾਤ ਹਾਦਸੇ ਵਿੱਚ ਮਾਮੀ-ਭਾਣਜਾ ਸਣੇ ਤਿੰਨ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ। ਇਹ ਪਰਿਵਾਰ ਐਕਟਿਵਾ ਸਕੂਟਰੀ ਦੀ ਪਾਰਟੀ ਕਰਕੇ ਘਰ ਪਰਤ ਰਿਹਾ ਸੀ। ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਕੁੱਪ ਖੁਰਦ ਨੇੜੇ ਬੀਤੀ ਦੇਰ ਰਾਤ ਟਰੱਕ ਟਾਇਰ ਪੈਂਚਰ ਹੋਣ ਕਾਰਨ ਖੜ੍ਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਆਈ-20 ਕਾਰ ਉਸ ਨਾਲ ਟਕਰਾਅ ਗਈ। ਕਾਰ ਵਿੱਚ ਸਵਾਰ ਕੌਸ਼ਰ (50) ਪਤਨੀ ਮੁਹੰਮਦ ਅਸ਼ਰਫ ਪਿੰਡ ਸ਼ੇਰਵਾਨੀ ਕੋਟ (ਟੋਹਾਣਾ), ਉਸ ਦੇ ਨੌਜਵਾਨ ਭਾਣਜੇ ਮੁਹੰਮਦ ਸਾਹਿਦ ਪੁੱਤਰ ਮੁਹੰਮਦ ਹਨੀਫ ਅਤੇ ਰੋਹਿਤ ਮਾਲੇਰਕੋਟਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਸਾਹਿਦ ਦੀ ਪਤਨੀ ਫਾਤਿਮਾ ਅਤੇ ਉਸ ਦਾ ਬੱਚਾ ਤਹਿਮੂਦ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸਾਹਿਦ ਦੀ ਪਤਨੀ ਫਾਤਿਮਾ ਵੱਲੋਂ ਖ਼ਰੀਦੀ ਨਵੀਂ ਐਕਟਿਵਾ ਦੀ ਪਾਰਟੀ ਕਰ ਕੇ ਪਰਿਵਾਰ ਦੇਰ ਰਾਤ ਮਾਲੇਰਕੋਟਲਾ ਪਰਤ ਰਿਹਾ ਸੀ।
ਹਾਦਸੇ ਵਿੱਚ ਪਿਓ ਦੀ ਮੌਤ, ਧੀ ਜ਼ਖ਼ਮੀ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸਰਹਿੰਦ ਨਹਿਰ ਕਿਨਾਰੇ ਪਵਾਤ ਪੁਲ ਨੇੜੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਧੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਸੰਜੀਵ ਕੁਮਾਰ (46) ਵਾਸੀ ਮਾਤਾ ਵੈਸ਼ਨੂੰ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਉਸ ਦੀ ਨਾਬਾਲਗ ਲੜਕੀ ਦੀਪਿਕਾ ਗੰਭੀਰ ਜ਼ਖ਼ਮੀ ਹੋ ਗਈ। ਸੰਜੀਵ ਕੁਮਾਰ ਕਾਲਕਾ ਵਿੱਚ ਆਪਣੀ ਭਾਣਜੀ ਦੇ ਸ਼ਗਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਿਆ ਸੀ। ਉਹ ਆਪਣੀ ਲੜਕੀ ਦੀਪਿਕਾ ਨਾਲ ਮੋਟਰਸਾਈਕਲ ਰਾਹੀਂ ਲੁਧਿਆਣਾ ਪਰਤ ਰਿਹਾ ਸੀ। ਸਰਹਿੰਦ ਨਹਿਰ ਕਿਨਾਰੇ ਪਵਾਤ ਪੁਲ ਨੇੜੇ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਦੌਰਾਨ ਦੋਵੇਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਮਰਾਲਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਸੰਜੀਵ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਦੀਪਿਕਾ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਮਾਛੀਵਾੜਾ ਪੁਲੀਸ ਨੇ ਚਾਲਕ ਤੇਜਿੰਦਰ ਸਿੰਘ ਵਾਸੀ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।