ਝਾੜ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਅਗਨ ਭੇਟ
ਇੱਥੋਂ ਨੇੜਲੇ ਪਿੰਡ ਝਾੜ ਸਾਹਿਬ ਵਿੱਚ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸਥਾਪਤ ਗੁਰਦੁਆਰੇ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਹਰਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਗੁਰੂ ਘਰ ਵਿੱਚ ਕੱਲ੍ਹ ਸ਼ਾਮ ਨੂੰ ਸੱਚਖੰਡ ਵਿੱਚ ਲੱਗੇ ਏਸੀ ਦਾ ਕੰਪਰੈਸਰ ਫਟ ਗਿਆ ਸੀ। ਇਸ ਤੋਂ ਬਾਅਦ ਅੰਦਰ ਲੱਗੀ ਅੱਗ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਅਗਨ ਭੇਟ ਹੋ ਗਏ। ਅੱਜ ਸਵੇਰੇ ਤਖ਼ਤ ਕੇਸਗੜ੍ਹ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਗੁਰੂ ਘਰ ਆਏ ਤੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ। ਸਿੰਘ ਸਾਹਿਬਾਨ ਵੱਲੋਂ ਅਰਦਾਸ ਕਰਨ ਉਪਰੰਤ ਅਗਨ ਭੇਟ ਹੋਏ ਤਿੰਨ ਪਾਵਨ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ ਗਿਆ। ਸਿੰਘ ਸਾਹਿਬਾਨ ਨੇ ਕਿਹਾ ਕਿ ਇਸ ਹਾਦਸੇ ਦੀ ਰਿਪੋਰਟ ਤਿਆਰ ਕਰ ਕੇ ਅਕਾਲ ਤਖ਼ਤ ’ਤੇ ਪੇਸ਼ ਕੀਤੀ ਜਾਵੇਗੀ। ਉੱਥੋਂ ਜੋ ਵੀ ਹੁਕਮ ਜਾਰੀ ਹੋਵੇਗਾ, ਉਹ ਸੰਗਤ ਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਏਸੀ ਉਸ ਸਮੇਂ ਹੀ ਚਲਾਏ ਜਾਣ ਜਦੋਂ ਪ੍ਰਬੰਧਕ ਮੌਜੂਦ ਹੋਣ।
ਇਸ ਮੌਕੇ ਡੀ ਐੱਸ ਪੀ ਸਮਰਾਲਾ ਤਰਲੋਚਨ ਸਿੰਘ ਵੀ ਗੁਰਦੁਆਰੇ ’ਚ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਏ ਸੀ ਦਾ ਕੰਪਰੈਸ਼ਰ ਫਟਣ ਕਾਰਨ ਵਾਪਰਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸਾਬਕਾ ਜਥੇਦਾਰ ਜਸਮੇਲ ਸਿੰਘ ਬੌਂਦਲੀ, ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ, ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ, ਪ੍ਰਚਾਰਕ ਬਚਿੱਤਰ ਸਿੰਘ ਨੇ ਕਿਹਾ ਕਿ ਇਸ ਘਟਨਾ ਕਾਰਨ ਸੰਗਤ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦਾ ਜੋ ਹੁਕਮ ਹੋਵੇਗਾ, ਉਹ ਅਮਲ ਵਿੱਚ ਲਿਆਂਦਾ ਜਾਵੇਗਾ।
ਪਾਠ ਕਰ ਰਹੇ ਬਜ਼ੁਰਗ ਨੇ ਪਾਵਨ ਸਰੂਪ ਅੱਗ ਤੋਂ ਬਚਾਇਆ
ਗੁਰਦੁਆਰੇ ਵਿੱਚ ਅੱਗ ਲੱਗਣ ਸਮੇਂ ਬਜ਼ੁਰਗ ਬਲਬੀਰ ਸਿੰਘ ਪਾਠ ਕਰ ਰਿਹਾ ਸੀ। ਉਸ ਨੇ ਧੂੰਆਂ ਦੇਖ ਕੇ ਤਾੜੀਆਂ ਮਾਰ ਕੇ ਸਹਾਇਤਾ ਮੰਗੀ ਪਰ ਜਦੋਂ ਕੋਈ ਨਾ ਆਇਆ ਤਾਂ ਉਹ ਜਿਸ ਸਰੂਪ ’ਤੇ ਪਾਠ ਕਰ ਰਿਹਾ ਸੀ, ਉਸ ਦਾ ਸੁੱਖ ਆਸਣ ਕਰ ਦੂਜੇ ਦਰਬਾਰ ਹਾਲ ਵਿੱਚ ਲੈ ਗਿਆ।