ਪਠਾਨਕੋਟ-ਜੰਮੂ ਮਾਲ ਗੱਡੀ ਦੇ ਤਿੰਨ ਡੱਬੇ ਲੀਹੋਂ ਲੱਥੇ
ਐੱਨਪੀ ਧਵਨ
ਪਠਾਨਕੋਟ, 10 ਜੁਲਾਈ
ਜੰਮੂ ਤੋਂ ਪੰਜਾਬ ਆ ਰਹੀ ਮਾਲ ਗੱਡੀ ਦਾ ਇੰਜਣ ਅਤੇ 3 ਡੱਬੇ ਅੱਜ ਸਵੇਰੇ 6 ਵਜੇ ਦੇ ਕਰੀਬ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਲਖਨਪੁਰ ਇਲਾਕੇ ਵਿੱਚ ਪਟੜੀ ਤੋਂ ਉਤਰ ਗਏ, ਜਿਸ ਕਾਰਨ ਰੋਜ਼ਾਨਾ ਚੱਲਣ ਵਾਲੀਆਂ ਕਈ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਅਤੇ ਪਠਾਨਕੋਟ-ਜੰਮੂ ਰੂਟ ’ਤੇ ਰੇਲਾਂ ਦੀ ਆਵਾਜਾਈ ਰੁਕ ਗਈ। ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਅੱਜ ਪਹਿਲੀ ਵਾਰ ਪਠਾਨਕੋਟ ਤੋਂ ਲਗਪਗ ਦੋ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ ਅਤੇ ਪਠਾਨਕੋਟ ਕੈਂਟ ਸਟੇਸ਼ਨ ’ਤੇ ਰੁਕੀ ਰਹੀ। ਵੰਦੇ ਭਾਰਤ ਰੇਲ ਸਵੇਰੇ 11:17 ਵਜੇ ਦਿੱਲੀ ਤੋਂ ਚੱਕੀ ਕੈਂਟ ਪਠਾਨਕੋਟ ਰੇਲਵੇ ਸਟੇਸ਼ਨ ਪਹੁੰਚੀ ਅਤੇ ਦੁਪਹਿਰ 2 ਵਜੇ ਤੱਕ ਉੱਥੇ ਖੜ੍ਹੀ ਰਹੀ। ਦੁਪਹਿਰ 2 ਵਜੇ ਤੋਂ ਬਾਅਦ ਹੀ ਵੰਦੇ ਭਾਰਤ ਰੇਲ ਗੱਡੀ ਨੂੰ ਕਟੜਾ ਲਈ ਰਵਾਨਾ ਕੀਤਾ ਗਿਆ। ਇਸ ਤਰ੍ਹਾਂ ਇਸ ਵੰਦੇ ਭਾਰਤ ਰੇਲ ਗੱਡੀ ਦਾ ਅੱਗੇ ਲਿੰਕ ਕਟੜਾ ਤੋਂ ਸ੍ਰੀਨਗਰ ਜਾਣ ਵਾਲੀ 2:15 ਵਜੇ ਵਾਲੀ ਦੂਸਰੀ ਵੰਦੇ ਭਾਰਤ ਐਕਸਪ੍ਰੈੱਸ ਨਾਲ ਹੁੰਦਾ ਹੈ ਪਰ ਉਹ ਰੇਲ ਗੱਡੀ ਆਪਣੇ ਨਿਰਧਾਰਤ ਸਮੇਂ ਨਾਲ ਕਟੜਾ ਤੋਂ ਸ੍ਰੀਨਗਰ ਰਵਾਨਾ ਹੋ ਗਈ। ਇਸ ਕਾਰਨ ਦਿੱਲੀ ਤੋਂ ਸ੍ਰੀਨਗਰ ਜਾਣ ਵਾਲੀਆਂ ਸਵਾਰੀਆਂ ਦੀਆਂ ਰਿਜ਼ਰਵ ਕਰਵਾਈਆਂ ਹੋਈਆਂ ਟਿਕਟਾਂ ਅਜਾਈਂ ਚਲੀਆਂ ਗਈਆਂ ਤੇ ਉਹ ਸ੍ਰੀਨਗਰ ਵਾਲੀ ਰੇਲ ਗੱਡੀ ਨਾ ਫੜ ਸਕੀਆਂ। ਇਸੇ ਤਰ੍ਹਾਂ ਰੇਲਵੇ ਲਾਈਨ ਬਲਾਕ ਹੋਣ ਕਾਰਨ ਕਟੜਾ ਤੋਂ ਦੁਰਗ ਜਾਣ ਵਾਲੀ ਸੁਪਰਫਾਸਟ, ਜੰਮੂਤਵੀ ਤੋਂ ਵਾਰਾਣਸੀ ਜਾਣ ਵਾਲੀ ਸਪੈਸ਼ਲ, ਜੰਮੂਤਵੀ ਤੋਂ ਅਹਿਮਦਾਬਾਦ ਜਾਣ ਵਾਲੀ ਐਕਸਪ੍ਰੈੱਸ, ਜੰਮੂਤਵੀ ਤੋਂ ਦਿੱਲੀ ਜਾਣ ਵਾਲੀ ਸਪੈਸ਼ਲ, ਕਟੜਾ ਤੋਂ ਗਾਜੀਪੁਰ ਜਾਣ ਵਾਲੀ ਐਕਸਪ੍ਰੈੱਸ, ਕਟੜਾ ਤੋਂ ਡਾ. ਅੰਬੇਡਕਰ ਨਗਰ ਜਾਣ ਵਾਲੀ ਮਾਲਵਾ ਸੁਪਰਫਾਸਟ, ਕਟੜਾ ਤੋਂ ਮੁੰਬਈ ਜਾਣ ਵਾਲੀ ਸੁਪਰਫਾਸਟ ਰੇਲ ਗੱਡੀ ਸ਼ਾਮ ਨੂੰ 4 ਵਜੇ ਰਸਤਾ ਖੁੱਲ੍ਹਣ ਬਾਅਦ ਹੀ ਅੱਗੇ ਗਈਆਂ। ਕਰੀਬ 30 ਰੇਲ ਗੱਡੀਆਂ ਅੱਪ-ਡਾਊਨ ਚੱਲਣ ਵਾਲੀਆਂ ਦੇਰੀ ਨਾਲ ਚੱਲੀਆਂ। ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਦੇ ਕਾਰਜਕਾਰੀ ਐੱਸਐੱਸ ਰਾਕੇਸ਼ ਦੱਤਾ ਨੇ ਦੱਸਿਆ ਕਿ ਡੀਐੱਮਯੂ ਰੇਲ ਗੱਡੀ ਜੋ ਕਿ ਪਠਾਨਕੋਟ ਸਿਟੀ ਸਟੇਸ਼ਨ ਤੋਂ ਬਾਅਦ ਦੁਪਹਿਰ 2:30 ਵਜੇ ਚਲਦੀ ਹੈ, ਨੂੰ ਊਧਮਪੁਰ-ਜੰਮੂ ਜਾਣ ਲਈ ਰੱਦ ਕਰ ਦਿੱਤਾ ਗਿਆ। ਕਰੀਬ 10 ਘੰਟੇ ਦੀ ਮੁਸ਼ੱਕਤ ਮਗਰੋਂ ਰੇਲ ਲਾਈਨ ਨੂੰ ਕਲੀਅਰ ਕੀਤਾ ਗਿਆ।