ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸਰਹੱਦ ਪਾਰੋਂ ਨਾਜਾਇਜ਼ ਅਸਲਾ ਸਪਲਾਈ ਅਤੇ ਹਵਾਲਾ ਨੈੱਟਵਰਕ ਨਾਲ ਸਬੰਧਤ ਤਿੰਨ ਮੁਲਜ਼ਮਾਂ ਨੂੰ 10 ਹਥਿਆਰਾਂ ਅਤੇ 2.5 ਲੱਖ ਰੁਪਏ ਹਵਾਲਾ ਰਕਮ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਉਰਫ਼ ਬਾਊ (22) ਵਾਸੀ ਪਿੰਡ ਮਾਝੀ ਮੇਓ (ਅੰਮ੍ਰਿਤਸਰ), ਮਨਬੀਰ ਸਿੰਘ (26) ਵਾਸੀ ਵਾਨ ਤਾਰਾ ਸਿੰਘ (ਤਰਨ ਤਾਰਨ) ਅਤੇ ਮੁਹੰਮਦ ਤੌਫੀਕ ਖਾਨ ਉਰਫ਼ ਬੱਬਲੂ (42) ਵਾਸੀ ਗੌਤਮ ਨਗਰ, ਮੁੰਬਈ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਦਸ ਪਿਸਤੌਲ ਬਰਾਮਦ ਹੋਏ ਹਨ। ਡੀ ਜੀ ਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ।
ਉਹ ਸੂਬੇ ਵਿੱਚ ਸ਼ਾਂਤੀ ਨੂੰ ਭੰਗ ਕਰਨ ਦੇ ਇਰਾਦੇ ਨਾਲ ਨਾਜਾਇਜ਼ ਅਸਲਾ ਮੰਗਵਾ ਕੇ ਤੇ ਅੱਗੇ ਸਪਲਾਈ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲੀਸ ਸਟੇਸ਼ਨ ਗੇਟ ਹਕੀਮਾ ਵਿੱਚ ਕੇਸ ਦਰਜ ਕੀਤਾ ਹੈ।