11 ਕਿਲੋ ਤੋਂ ਵੱਧ ਹੈਰੋਇਨ ਸਣੇ ਤਿੰਨ ਕਾਬੂ
ਅੰਮ੍ਰਿਤਸਰ ਪੁਲੀਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦਿਆਂ 11 ਕਿਲੋ ਤੋਂ ਵੱਧ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਇਸ ਦਾ ਖੁਲਾਸਾ ‘ਐਕਸ’ ’ਤੇ ਸਾਂਝੀ ਕੀਤੀ ਪੋਸਟ ਵਿੱਚ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸ਼ੰਕਰ ਸਿੰਘ ਵਾਸੀ ਗੁਰੂ ਕੀ ਵਡਾਲੀ ਅੰਮ੍ਰਿਤਸਰ, ਸਚਿਨ ਵਾਸੀ ਰਣਜੀਤਪੁਰਾ ਛੇਹਰਟਾ ਤੇ ਪਵਨਦੀਪ ਸਿੰਘ ਵਾਸੀ ਬਹਿੜਵਾਲ (ਅੰਮ੍ਰਿਤਸਰ) ਵਜੋਂ ਹੋਈ ਹੈ। ਸ਼ੰਕਰ ਤੇ ਸਚਿਨ ਕੋਲੋਂ 6.286 ਕਿਲੋ ਹੈਰੋਇਨ ਤੇ ਚਾਰ ਲੱਖ ਰੁਪਏ ਦੀ ਡਰੱਗ ਮਨੀ ਅਤੇ ਪਵਨਦੀਪ ਕੋਲੋਂ 5.032 ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਵਿਦੇਸ਼ੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਿੰਡ ਧਨੋਏ ਕਲਾਂ ਸਰਹੱਦੀ ਖੇਤਰ ਤੋਂ ਨਸ਼ਿਆਂ ਦੀ ਖੇਪ ਮਿਲਣ ਦੀ ਸੂਚਨਾ ਮਗਰੋਂ ਪਵਨਦੀਪ ਨੂੰ ਪਿੰਡ ਬਹਿੜਵਾਲ ਨੇੜਿਓਂ ਕਾਬੂ ਕੀਤਾ ਗਿਆ। ਡੀਜੀਪੀ ਅਨੁਸਾਰ, ਪੁੱਛਗਿੱਛ ਦੌਰਾਨ ਪਵਨਦੀਪ ਨੇ ਦੱਸਿਆ ਕਿ ਉਹ ਪਿੰਡ ਕੋਹਾਲਾ (ਅੰਮ੍ਰਿਤਸਰ) ਦੇ ਵਸਨੀਕ ਹਰਪਾਲ ਸਿੰਘ, ਜੋ ਇਸ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ, ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ।
28 ਕਿਲੋ ਤੋਂ ਵੱਧ ਹੈਰੋਇਨ ਨਸ਼ਟ
ਫਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਫਿਰੋਜ਼ਪੁਰ ਪੁਲੀਸ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ 54 ਕੇਸਾਂ ਵਿੱਚ ਬਰਾਮਦ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ। ਪੰਜਾਬ ਪੁਲੀਸ ਵੱਲੋਂ ਇਹ ਕਾਰਵਾਈ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਕੀਤੀ ਗਈ। ਇੰਸਪੈਕਟਰ ਜਨਰਲ ਪੁਲੀਸ (ਫਿਰੋਜ਼ਪੁਰ ਰੇਂਜ) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਕਾਰਵਾਈ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਅਤੇ ਜ਼ਿਲ੍ਹਾ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਦੀ ਦੇਖ-ਰੇਖ ਹੇਠ ਕੀਤੀ ਗਈ ਹੈ। ਇਸ ਮੌਕੇ ਐੱਸਐੱਸਪੀ ਭੁਪਿੰਦਰ ਸਿੰਘ ਵੀ ਮੌਜੂਦ ਸਨ। ਪੁਲੀਸ ਨੇ ਕੁੱਲ 28 ਕਿਲੋ 440 ਗ੍ਰਾਮ 70 ਮਿਲੀਗ੍ਰਾਮ ਹੈਰੋਇਨ ਨਸ਼ਟ ਕੀਤੀ ਹੈ। ਇਸ ਤੋਂ ਇਲਾਵਾ ਪੋਸਤ 160 ਕਿਲੋ 350 ਗ੍ਰਾਮ ਪੋਸਤ ਅਤੇ 2395 ਨਸ਼ੀਲੀਆਂ ਗੋਲੀਆਂ ਵੀ ਨਸ਼ਟ ਕੀਤੀਆਂ ਗਈਆਂ ਹਨ।