ਧੀ ਨਾਲ ਜਬਰ-ਜਨਾਹ ਕਰਵਾਉਣ ਵਾਲੀ ਭਾਜਪਾ ਆਗੂ ਸਣੇ ਤਿੰਨ ਕਾਬੂ
ਹਰਿਦੁਆਰ, 5 ਜੂਨ
ਉਤਰਾਖੰਡ ਦੇ ਹਰਿਦੁਆਰ ਵਿੱਚ ਮਹਿਲਾ ਭਾਜਪਾ ਆਗੂ ਨੂੰ 13 ਸਾਲਾ ਧੀ ਨਾਲ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਕੋਲੋਂ ਕਥਿਤ ਸਮੂਹਿਕ ਜਬਰ-ਜਨਾਹ ਕਰਵਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਖ਼ਿਲਾਫ਼ ਪੋਕਸੋ ਐਕਟ ਅਤੇ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਪਤਾ ਲੱਗਣ ਮਗਰੋਂ ਭਾਜਪਾ ਨੇ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਉਧਰ ਉੱਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਸੂਰਿਆਕਾਂਤ ਧਸਮਾਨਾ ਨੇ ਕਿਹਾ ਕਿ ਇਹ ਸੂਬੇ ਦੇ ਇਤਿਹਾਸ ਵਿੱਚ ਜਿਨਸੀ ਸ਼ੋਸ਼ਣ ਦਾ ਸਭ ਤੋਂ ਸ਼ਰਮਨਾਕ ਮਾਮਲਾ ਹੈ। ਇਸ ਨਾਲ ਭਾਜਪਾ ਦੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਨਾਅਰੇ ਦੀ ਵੀ ਪੋਲ ਖੁੱਲ੍ਹ ਗਈ ਹੈ।
ਹਰਿਦੁਆਰ ਦੇ ਐੱਸਐੱਸਪੀ ਪਰਮੇਂਦਰ ਡੋਵਾਲ ਨੇ ਕਿਹਾ ਕਿ ਭਾਜਪਾ ਆਗੂ ਅਨਾਮਿਕਾ ਸ਼ਰਮਾ ਅਤੇ ਉਸ ਦੇ ਕਥਿਤ ਪ੍ਰੇਮੀ ਸੁਮਿਤ ਪਟਵਾਲ ਨੂੰ ਬੁੱਧਵਾਰ ਨੂੰ ਇੱਥੇ ਹੋਟਲ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਵਾਲ ਦੇ ਸਾਥੀ ਸ਼ੁਭਮ ਨੂੰ ਵੀ ਬੁੱਧਵਾਰ ਦੇਰ ਰਾਤ ਸ਼ਾਹਪੁਰ, ਮੇਰਠ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਨਾਮਿਕਾ ਪਹਿਲਾਂ ਭਾਜਪਾ ਮਹਿਲਾ ਮੋਰਚਾ ਦੀ ਹਰਿਦੁਆਰ ਜ਼ਿਲ੍ਹਾ ਇਕਾਈ ਦੀ ਅਗਵਾਈ ਕਰ ਚੁੱਕੀ ਹੈ। ਹਾਲਾਂਕਿ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਭਾਜਪਾ ਸੂਤਰਾਂ ਅਨੁਸਾਰ ਅਗਸਤ 2024 ਤੋਂ ਬਾਅਦ ਉਸ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ ਸੀ। ਜ਼ਿਕਰਯੋਗ ਹੈ ਕਿ ਅਨਾਮਿਕਾ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਪ੍ਰੇਮੀ ਨਾਲ ਰਹਿੰਦੀ ਸੀ। ਉਸ ਦੀ ਧੀ ਆਪਣੇ ਪਿਤਾ ਨਾਲ ਰਹਿੰਦੀ ਸੀ। -ਪੀਟੀਆਈ