‘ਆਪ’ ਆਗੂ ਦੇ ਘਰ ’ਤੇ ਫਾਇਰਿੰਗ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਪੁਲੀਸ ਨੇ ਦਰਵੇਸ਼ ਪਿੰਡ ਵਿੱਚ ‘ਆਪ’ ਆਗੂ ਤੇ ‘ਯੁੱਧ ਨਸ਼ਿਆਂ ਦੇ ਵਿਰੁੱਧ’ ਕੋਆਰਡੀਨੇਟਰ ਦਲਜੀਤ ਰਾਜੂ ਦੇ ਘਰ ਹੋਈ ਗੋਲਾਬਾਰੀ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਘਨਸ਼ਿਆਮ ਤਿਵਾੜੀ, ਉਸ ਦੀ ਮਾਤਾ ਨੀਰਜ ਕੁਮਾਰੀ ਤੇ ਭਰਾ ਦੀਪਕ ਤਿਵਾੜੀ...
ਪੁਲੀਸ ਨੇ ਦਰਵੇਸ਼ ਪਿੰਡ ਵਿੱਚ ‘ਆਪ’ ਆਗੂ ਤੇ ‘ਯੁੱਧ ਨਸ਼ਿਆਂ ਦੇ ਵਿਰੁੱਧ’ ਕੋਆਰਡੀਨੇਟਰ ਦਲਜੀਤ ਰਾਜੂ ਦੇ ਘਰ ਹੋਈ ਗੋਲਾਬਾਰੀ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਘਨਸ਼ਿਆਮ ਤਿਵਾੜੀ, ਉਸ ਦੀ ਮਾਤਾ ਨੀਰਜ ਕੁਮਾਰੀ ਤੇ ਭਰਾ ਦੀਪਕ ਤਿਵਾੜੀ ਨੂੰ ਹਰਿਆਣਾ ਦੇ ਯਮੁਨਾ ਨਗਰ ਤੋਂ ਐੱਸ ਪੀ ਮਾਧਵੀ ਸ਼ਰਮਾ ਦੀ ਅਗਵਾਈ ’ਚ ਕਾਬੂ ਕੀਤਾ ਹੈ। ਪੁਲੀਸ ਮੁਤਾਬਕ, ਤਿੰਨਾਂ ’ਤੇ ਮੁੱਖ ਹਮਲਾਵਰਾਂ ਨੂੰ ਪਨਾਹ ਤੇ ਵਿੱਤੀ ਸਹਾਇਤਾ ਦੇਣ ਦੇ ਦੋਸ਼ ਹਨ। ਫਾਇਰਿੰਗ ਦੀ ਇਹ ਘਟਨਾ 26 ਤੇ 27 ਨਵੰਬਰ ਦੀ ਦਰਮਿਆਨੀ ਰਾਤ ਵਾਪਰੀ, ਜਦੋਂ ਦੋ ਨਕਾਬਪੋਸ਼ ਵਿਅਕਤੀ ਦਰਵੇਸ਼ ਪਿੰਡ ’ਚ ਦਲਜੀਤ ਰਾਜੂ ਦੀ ਰਿਹਾਇਸ਼ ’ਤੇ ਦਰਜਨ ਤੋਂ ਵੱਧ ਰਾਊਂਡ ਫਾਇਰ ਕਰ ਕੇ ਫਰਾਰ ਹੋ ਗਏ ਸਨ। ਸੀ ਸੀ ਟੀ ਵੀ ਫੁਟੇਜ ਵਿੱਚ ਹਮਲਾਵਰ ਮੋਟਰਸਾਈਕਲ ’ਤੇ ਆਉਂਦੇ ਅਤੇ ਪਰਚੀ ਸੁੱਟਦੇ ਦਿਖਾਈ ਦੇ ਰਹੇ ਹਨ ਜਿਸ ’ਚ ਕਾਲਾ ਰਾਣਾ ਗਰੁੱਪ 5 ਕਰੋੜ ਲਿਖਿਆ ਹੋਇਆ ਸੀ। ਪੁਲੀਸ ਵੱਲੋਂ ਘਨਸ਼ਿਆਮ ਤਿਵਾੜੀ ਦੇ ਪੁੱਤ ਸ਼ੁਭਮ ਪੰਡਿਤ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਸਮੇਂ ਫਰਾਰ ਹੈ ਅਤੇ ਕਈ ਟੀਮਾਂ ਉਸ ਦੀ ਤਲਾਸ਼ ਵਿੱਚ ਜੁਟੀਆਂ ਹੋਈਆਂ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸ਼ੁਭਮ ਪੰਡਿਤ ਤੇ ਉਸ ਦੇ ਸਾਥੀ ਇਸ ਮਾਮਲੇ ਨੂੰ ਅੰਜ਼ਾਮ ਦੇਣ ’ਚ ਸ਼ਾਮਲ ਹਨ। ਐੱਸ ਐੱਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਤਿੰਨੋਂ ਮੈਂਬਰਾਂ ਨੂੰ ਅਦਾਲਤ ਨੇ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ।

