ਬਠਿੰਡਾ ਪੁਲੀਸ ਨੇ ਸਕੂਲਾਂ ਦੀਆਂ ਕੰਧਾਂ ’ਤੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐੱਸ.ਪੀ. (ਜਾਂਚ) ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ 26 ਅਤੇ 27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਏਅਰ ਫੋਰਸ ਸਟੇਸ਼ਨ ਭਿੱਸੀਆਣਾ ਵਿਖੇ ਸਥਿਤ ਪੀ.ਐਮ. ਕੇਂਦਰੀ ਵਿਦਿਆਲਿਆ ਨੰਬਰ 3 ਦੀ ਕੰਧ ’ਤੇ ਅੰਗਰੇਜ਼ੀ ਭਾਸ਼ਾ ਵਿੱਚ ਖਾਲਿਸਤਾਨੀ ਨਾਅਰੇ ਲਿਖ਼ੇ ਗਏ ਸਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 19 ਅਤੇ 20 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਰਾਮਾ ਮੰਡੀ ਨੇੜੇ ਪਿੰਡ ਮਾਨਾਂ ਵਾਲਾ ਦੇ ਸਰਕਾਰੀ ਸਕੂਲ ਵਿਖੇ ਵੀ ਅਜਿਹੇ ਹੀ ਨਾਹਰੇ ਲਿਖ਼ੇ ਗਏ ਸਲ। ਉਨ੍ਹਾਂ ਦੱਸਿਆ ਕਿ ਕ੍ਰਮਵਾਰ ਦੋਵਾਂ ਘਟਨਾਵਾਂ ਸਬੰਧੀ ਥਾਣਾ ਨੇਹੀਆਂ ਵਾਲਾ ਅਤੇ ਥਾਣਾ ਰਾਮਾ ਮੰਡੀ ਵਿੱਚ ਅਣਪਛਾਤਿਆਂ ਖ਼ਿਲਾਫ਼ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਕਰਨ ਲਈ ਪੁਲੀਸ ਵੱਲੋਂ ਟੀਮਾਂ ਗਠਿਤ ਕਰਕੇ ਪੜਤਾਲ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਸੀ.ਆਈ.ਏ.ਸਟਾਫ ਬਠਿੰਡਾ-1 ਅਤੇ ਪੁਲੀਸ ਚੌਕੀ ਕਿਲੀ ਦੀਆਂ ਟੀਮਾਂ ਨੇ ਭਿੱਸੀਆਣਾ ਵਾਲਾ ਕੇਸ ਹੱਲ ਕਰ ਲਿਆ। ਇਸ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਾਲੀਏ ਵਾਲਾ ਦੇ ਦੋ ਨੌਜਵਾਨ ਨਵਜੋਤ ਸਿੰਘ ਉਰਫ਼ ਜੋਤਾ ਅਤੇ ਰਾਜਪ੍ਰੀਤ ਸਿੰਘ ਨੂੰ ਪਿੰਡ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰੀ ਮੌਕੇ ਦੋਵਾਂ ਪਾਸੋਂ 4 ਮੋਬਾਇਲ ਫ਼ੋਨ ਅਤੇ ਇੱਕ ਡੌਂਗਲ ਵੀ ਬਰਾਮਦ ਕੀਤੀ ਗਈ। ਤਫ਼ਤੀਸ਼ ਦੌਰਾਨ ਮੁਲਜ਼ਮਾਂ ਨੇ ਬਿਆਨ ਕੀਤਾ ਕਿ ਉਨ੍ਹਾਂ ਇਹ ਨਾਅਰੇ ਵਿਦੇਸ਼ ਵਸਦੇ ਪਵਨਪ੍ਰੀਤ ਸਿੰਘ ਉਰਫ਼ ਦੀਪ ਚਹਿਲ ਦੇ ਕਹਿਣ ’ਤੇ ਲਿਖ਼ੇ ਸਨ।
ਇਸੇ ਤਰ੍ਹਾਂ ਮਾਨਾਂ ਵਾਲਾ ਕੇਸ ਨੂੰ ਕਾਊਂਟਰ ਇੰਟੈਲੀਜੈਂਸ ਵਿੰਗ ਤੇ ਬਠਿੰਡਾ ਪੁਲੀਸ ਦੀਆਂ ਟੀਮਾਂ ਨੂੰ ਹੱਲ ਕਰਦਿਆਂ, ਪਿੰਡ ਮਾਨਾਂ ਵਾਲਾ ਦੇ ਹੀ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ’ਚ ਪਤਾ ਲੱਗਾ ਕਿ ਹਰਜਿੰਦਰ ਸਿੰਘ ਨੂੰ ਇਸ ਕੰਮ ਲਈ ਨਵਜੋਤ ਸਿੰਘ ਜੋਤਾ ਨੇ ਪਵਨਪ੍ਰੀਤ ਉਰਫ਼ ਦੀਪ ਚਹਿਲ ਨਾਲ ਗੱਲ ਕਰਵਾਈ ਸੀ। ਇਸ ਕੰਮ ਦੇ ਇਵਜ਼ ਵਿੱਚ ਮੁਲਜ਼ਮਾਂ ਨੂੰ ਦੀਪ ਚਹਿਲ ਨੇ ਆਨਲਾਈਨ ਰੁਪਏ ਭੇਜੇ ਸਨ।
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਨਵਜੋਤ ਸਿੰਘ ਨੇ ਵੱਟਸ ਐਪ ਕਾਲ ਰਾਹੀਂ ਉਸ ਨੂੰ ਖਾਲਿਸਤਾਨ ਸਬੰਧੀ ਨਾਅਰੇ ਲਿਖ਼ਣ ਲਈ ਆਖਿਆ ਅਤੇ ਇਸ ਬਦਲੇ ਨਵਜੋਤ ਨੇ ਸਕੈਨਰ ਰਾਹੀਂ 2000 ਰੁਪਏ ਭੇਜੇ।
ਐਸਪੀ ਨੇ ਦੱਸਿਆ ਕਿ ਇਸ ਕੇਸ ਵਿੱਚ ਦੀਪ ਚਹਿਲ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦੀਪ ਵਿਦੇਸ਼ ’ਚ ਬੈਠੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਸੰਪਰਕ ਵਿੱਚ ਹੈ।

