ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਤਿੰਨ ਏਜੰਟ ਕਾਬੂ
ਹਜ਼ਾਰ ਰੁਪਏ ਦੀ ਕਿਸ਼ਤ ਲਈ ਤੰਗ-ਪ੍ਰੇਸ਼ਾਨ ਕਰਕੇ ਮਹਿਲਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼
ਬਲਵਿੰਦਰ ਰੈਤ
ਨੰਗਲ ਪੁਲੀਸ ਨੇ ਇੱਕ ਗਰੀਬ ਔਰਤ ਨੂੰ ਮਹਿਜ਼ 1000 ਰੁਪਏ ਦੀ ਕਿਸ਼ਤ ਲਈ ਤੰਗ-ਪ੍ਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਨਿੱਜੀ ਫਾਇਨਾਂਸ ਕੰਪਨੀ ਦੇ ਤਿੰਨ ਏਜੰਟਾਂ ਨੂੰ ਬੀ ਐੱਨ ਐੱਸ ਦੀ ਧਾਰਾ 108 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ੁਭਮ, ਸਾਗਰ ਅਤੇ ਅਭਿਸ਼ੇਕ ਵਜੋਂ ਹੋਈ ਹੈ, ਜੋ ਸੱਤਿਆ ਫਾਇਨਾਂਸ ਕੰਪਨੀ, ਊਨਾ (ਹਿਮਾਚਲ ਪ੍ਰਦੇਸ਼) ਲਈ ਕੰਮ ਕਰਦੇ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨੰਗਲ ਦੀ ਰਹਿਣ ਵਾਲੀ 45 ਸਾਲਾ ਵਿਧਵਾ ਰੰਜਨਾ ਦੇਵੀ ਨੇ ਵਿੱਤ ਕੰਪਨੀ ਦੇ ਰਿਕਵਰੀ ਏਜੰਟਾਂ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਨੰਗਲ ਹਾਈਡਲ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਰੰਜਨਾ ਦੀ ਧੀ ਆਂਚਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਮਾਂ ਨੇ ਘਰ ਦਾ ਗੁਜ਼ਾਰਾ ਚਲਾਉਣ ਲਈ ਸਿਲਾਈ ਮਸ਼ੀਨ ਖਰੀਦਣ ਵਾਸਤੇ ਉਕਤ ਕੰਪਨੀ ਤੋਂ 30,000 ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ੇ ਦੀਆਂ ਕਿਸ਼ਤਾਂ ਲਗਪਗ ਮੋੜੀਆਂ ਜਾ ਚੁੱਕੀਆਂ ਸਨ ਅਤੇ ਸਿਰਫ਼ 1000 ਰੁਪਏ ਦੀ ਇੱਕ ਕਿਸ਼ਤ ਬਕਾਇਆ ਸੀ।
ਇਸ ਛੋਟੀ ਜਿਹੀ ਰਕਮ ਲਈ ਕੰਪਨੀ ਦੇ ਏਜੰਟ ਵਾਰ-ਵਾਰ ਉਨ੍ਹਾਂ ਦੇ ਘਰ ਆ ਕੇ ਧਮਕੀਆਂ ਦੇ ਰਹੇ ਸਨ। ਆਂਚਲ ਨੇ ਦੋਸ਼ ਲਾਇਆ ਕਿ ਘਟਨਾ ਵਾਲੇ ਦਿਨ ਏਜੰਟਾਂ ਨੇ ਉਸ ਦੀ ਮਾਂ ਨਾਲ ਦੁਰਵਿਹਾਰ ਕੀਤਾ ਅਤੇ ਧੱਕਾ-ਮੁੱਕੀ ਵੀ ਕੀਤੀ। ਇਸ ਬੇਇੱਜ਼ਤੀ ਅਤੇ ਡਰ ਤੋਂ ਬਾਅਦ ਉਸ ਦੀ ਮਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਨੇ ਭਰੇ ਮਨ ਨਾਲ ਕਿਹਾ, ‘ਮੇਰੀ ਮਾਂ ਮੈਨੂੰ ਤੇ ਮੇਰੀ ਛੋਟੀ ਭੈਣ ਨੂੰ ਛੱਡ ਕੇ ਚਲੀ ਗਈ ਹੈ।’ ਇਸ ਤੋਂ ਬਾਅਦ ਆਂਚਲ ਨੇ ਨੰਗਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਨੰਗਲ ਦੇ ਡੀ ਐੱਸ ਪੀ ਹਰਕੀਰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਊਨਾ ਸਥਿਤ ਕੰਪਨੀ ਦੇ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਹੈ।

