DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ਦਿਹਾਤੀ ਤੇ ਸ਼ਹਿਰੀ ਖੇਤਰ ’ਚ ਦੋ ਪੁਲੀਸ ਮੁਕਾਬਲਿਆਂ ’ਚ ਤਿੰਨ ਮੁਲਜ਼ਮ ਜ਼ਖ਼ਮੀ

ਮੁਲਜ਼ਮਾਂ ’ਚ ਅਮਰੀਕਾ ਅਧਾਰਿਤ ਗੈਂਗਸਟਰ ਜੀਵਨ ਫੌਜੀ ਦੇ ਦੋ ਸਾਥੀ ਵੀ ਸ਼ਾਮਲ
  • fb
  • twitter
  • whatsapp
  • whatsapp
featured-img featured-img
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 28 ਅਪਰੈਲ

Advertisement

ਅੰਮ੍ਰਿਤਸਰ ਦਿਹਾਤੀ ਅਤੇ ਸ਼ਹਿਰੀ ਖੇਤਰ ਵਿੱਚ ਹੋਏ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਤਿੰਨ ਮੁਲਜ਼ਮ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿਚ ਅਮਰੀਕਾ ਅਧਾਰਿਤ ਗੈਂਗਸਟਰ ਜੀਵਨ ਫੌਜੀ ਦੇ ਦੋ ਸਾਥੀ ਵੀ ਸ਼ਾਮਲ ਹਨ। ਮੁਕਾਬਲਿਆਂ ਵਿਚ ਇਨ੍ਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਦੌਰਾਨ ਇੱਕ ਘਟਨਾ ਵਿਚ ਮੁਲਜ਼ਮ ਸ਼ਿਵਮ ਸਿੰਘ ਉਰਫ਼ ਬੱਬਲੂ (24), ਜਿਸ ਨੂੰ ਇੱਕ ਹਫ਼ਤਾ ਪਹਿਲਾਂ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ, ਵੇਰਕਾ ਬਾਈਪਾਸ ਖੇਤਰ ਵਿੱਚ ਪੁਲੀਸ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਹੈ। ਉਸ ਨੂੰ ਇੱਕ ਮਾਮਲੇ ’ਚ ਹਥਿਆਰ ਬਰਾਮਦ ਕਰਨ ਲਈ ਮੌਕੇ ’ਤੇ ਲਿਜਾਇਆ ਗਿਆ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ  ਕਿ ਉਸ ਕੋਲੋਂ .32 ਬੋਰ ਪਿਸਤੌਲ ਦੀ ਬਰਾਮਦਗੀ ਤੋਂ ਬਾਅਦ ਜਦੋ  ਪੁਲੀਸ ਟੀਮ ਬਾਕੀ ਕਾਰਵਾਈ ਵਿੱਚ ਰੁੱਝੀ ਹੋਈ ਸੀ ਤਾਂ ਉਸ ਨੇ ਪੁਲੀਸ ਕਰਮਚਾਰੀਆਂ ਨੂੰ ਪਿਸ਼ਾਬ ਕਰਨ ਲਈ ਲੈ ਜਾਣ ਵਾਸਤੇ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਉਸ ਨੂੰ ਨੇੜੇ ਦੀ ਇਕਾਂਤ ਜਗ੍ਹਾ ਤੇ ਲਿਜਾਇਆ ਗਿਆ ਤਾਂ ਉਸ ਨੇ ਸੀਨੀਅਰ ਕਾਂਸਟੇਬਲ ਦੀ ਸਰਵਿਸ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਝਗੜਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਏਐਸਆਈ ਕੇਵਲ ਕ੍ਰਿਸ਼ਨ ਨੇ ਖ਼ਤਰੇ ਨੂੰ ਦੇਖਦਿਆ  ਉਸ  ’ਤੇ ਗੋਲੀ ਚਲਾ ਦਿੱਤੀ। ਸ਼ਿਵਮ ਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਹੈ।

ਇੱਕ ਹੋਰ ਮਾਮਲੇ ’ਚ ਅਜਨਾਲਾ ਦੇ ਜਾਫਰਕੋਟ ਪਿੰਡ ਦੇ ਲਵ (22) ਅਤੇ ਵਿਸ਼ਾਲ (23) ਰਾਮਦਾਸ ਖੇਤਰ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਸੀਆਈਏ ਸਟਾਫ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹੋ ਗਏ ਹਨ।

ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਸੀਆਈਏ ਸਟਾਫ ਨੂੰ ਜੀਵਨ ਫੌਜੀ ਦੇ ਕਾਰਕੁਨਾਂ ਦੀਆਂ ਕੁਝ ਅਪਰਾਧਿਕ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਤੁਰੰਤ ਇੰਸਪੈਕਟਰ ਮਨਮੀਤਪਾਲ ਸਿੰਘ ਦੀ ਅਗਵਾਈ ਵਿੱਚ ਸੀਆਈਏ ਟੀਮਾਂ ਭੇਜੀਆਂ ਗਈਆਂ ਜਿਨ੍ਹਾਂ ਨੇ ਸ਼ੱਕੀ ਵਿਅਕਤੀਆ  ਦਾ ਪਿੱਛਾ ਕੀਤਾ। ਇਸ ਦੌਰਾਨ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਦੋਵੇਂ ਦਰੱਖਤਾਂ ਦੇ ਪਿੱਛੇ ਲੁਕ ਗਏ ਅਤੇ ਮੌਕੇ ਤੋਂ ਭੱਜਣ ਲਈ ਪੁਲੀਸ ਟੀਮ ’ਤੇ ਗੋਲੀਬਾਰੀ ਕੀਤੀ।  ਪੰਦਰਾਂ ਮਿੰਟ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ, ਜਿਸ ਦੌਰਾਨ ਦੋਵੇਂ ਸ਼ੱਕੀ ਜ਼ਖਮੀ ਹੋ ਗਏ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਜਦੋਂ ਕਿ ਸਕੂਟਰ ਨੂੰ ਵੀ ਜ਼ਬਤ ਕਰ ਲਿਆ ਗਿਆ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਦੱਸਣਯੋਗ ਹੈ ਕਿ ਪੁਲੀਸ ਵਲੋਂ ਪੁਲੀਸ ਇਮਾਰਤਾਂ ’ਤੇ ਹੋਏ ਹੈਂਡ ਗ੍ਰਨੇਡ ਧਮਾਕਿਆਂ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਜੀਵਨ ਫੌਜੀ ਨੇ ਜ਼ਿੰਮੇਵਾਰੀ ਲਈ ਸੀ।
Advertisement
×