ਅਨਾਜ ਭੰਡਾਰ ’ਚੋਂ ਚੌਲਾਂ ਦੀਆਂ ਹਜ਼ਾਰਾਂ ਬੋਰੀਆਂ ‘ਗ਼ਾਇਬ’
ਸੰਤੋਖ ਗਿੱਲ
ਇੱਥੇ ਜਗਰਾਉਂ-ਮਾਲੇਰਕੋਟਲਾ ਰਾਜ ਮਾਰਗ ’ਤੇ ਸਥਿਤ ਪੰਜਾਬ ਗੁਦਾਮ ਨਿਗਮ ਦੇ ਅਨਾਜ ਭੰਡਾਰਾਂ ਵਿੱਚ ਰੱਖੇ ਕੀਮਤੀ ਚੌਲਾਂ ਦੀਆਂ ਹਜ਼ਾਰਾਂ ਬੋਰੀਆਂ ਦੇ ਗ਼ਾਇਬ ਹੋਣ ਦੀ ਖ਼ਬਰ ਮਿਲਣ ਮਗਰੋਂ ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ਹਨ। ਇਸ ਸਬੰਧੀ ਇਸ ਗੁਦਾਮ ਦੇ ਨਿਗਰਾਨ ਅਫ਼ਸਰ ਪਰਮਦੀਪ ਮਿੱਤਲ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਉਨ੍ਹਾਂ ਇਹ ਵੀ ਕਿਹਾ ਕਿ ਇਸ ਅਨਾਜ ਭੰਡਾਰ ਦੀ ਜਾਂਚ ਨਿਗਮ ਦੇ ਅਧਿਕਾਰੀਆਂ ਦੀ ਉੱਚ-ਪੱਧਰੀ ਕਮੇਟੀ ਵੱਲੋਂ ਕੀਤੀ ਜਾਵੇਗੀ। ਸੰਪਰਕ ਕਰਨ ’ਤੇ ਸੂਬਾ ਸਰਕਾਰ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਸਹਾਇਕ ਵਿਕਾਸ ਦੇਵੀਯਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਕਾਰਨ ਮੰਤਰੀ ਰੁੱਝੇ ਹੋਏ ਹਨ ਅਤੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਹਜ਼ਾਰਾਂ ਟਨ ਚੌਲ ਭੰਡਾਰ ਵਾਲੇ ਇਨ੍ਹਾਂ ਗੁਦਾਮਾਂ ਵਿੱਚ ਕੁਝ ਫੱਟੇ ਲਾ ਕੇ ਹੇਠਾਂ ਤੋਂ ਚੌਲਾਂ ਦੀਆਂ ਬੋਰੀਆਂ ਗ਼ਾਇਬ ਕਰ ਦੇਣ ਦੀ ਜਾਣਕਾਰੀ ਮਿਲਣ ਬਾਅਦ ਨਿਗਮ ਦੇ ਸਥਾਨਕ ਕਰਮਚਾਰੀਆਂ ਨੇ ਚੁੱਪ ਧਾਰ ਲਈ ਹੈ। ਇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਅਜਿਹੀ ਕਿਸੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਜ਼ਿਲ੍ਹਾ ਅਧਿਕਾਰੀ ਅਤੇ ਐੱਸ.ਡੀ.ਐੱਮ ਰਾਏਕੋਟ ਉਪਿੰਦਰਜੀਤ ਕੌਰ ਬਰਾੜ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪਰ ਉਹ ਮਾਮਲੇ ਦੀ ਜਾਂਚ ਲਈ ਕਾਰਵਾਈ ਕਰਨਗੇ।