ਹੜ੍ਹਾਂ ਕਾਰਨ ਹਜ਼ਾਰਾਂ ਏਕੜ ਫ਼ਸਲ ਡੁੱਬੀ
ਜਗਜੀਤ ਸਿੰਘ
ਪੌਂਗ ਡੈਮ ਵਿੱਚ ਪਾਣੀ ਦੀ ਆਮਦ ਅੱਜ ਸਵੇਰੇ 2 ਲੱਖ ਕਿਊਸਕ ਹੋ ਜਾਣ ਮਗਰੋਂ ਡੈਮ ਦਾ ਪੱਧਰ 1377 ਫੁੱਟ ਨੂੰ ਪਾਰ ਕਰ ਗਿਆ। ਪੌਂਗ ਡੈਮ ਵੱਲੋਂ ਅੱਗੇ ਛੱਡੇ ਜਾ ਰਹੇ ਪਾਣੀ ਵਿੱਚ ਕਰੀਬ 2 ਹਜ਼ਾਰ ਕਿਊਸਕ ਪਾਣੀ ਦਾ ਵਾਧਾ ਕਰ ਦਿੱਤੇ ਜਾਣ ਕਾਰਨ ਬਿਆਸ ਦਰਿਆ ਨੇੜਲੇ ਕਰੀਬ 3 ਦਰਜਨ ਵੱਧ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਵਧ ਗਿਆ ਹੈ। ਮਹਿਤਾਬਪੁਰ, ਸਨਿਆਲਾਂ ਸਣੇ ਕੁਝ ਪਿੰਡਾਂ ਵਿੱਚ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਧੁੱਸੀਆਂ ਦੀ ਮੁਰੰਮਤ ਆਰੰਭੀ ਗਈ ਹੈ, ਪਰ ਇਸ ਦੇ ਬਾਵਜੂਦ ਪਾਣੀ ਦਾ ਤੇਜ਼ ਵਹਾਅ ਕਿਸੇ ਵੇਲੇ ਵੀ ਨੀਵੇਂ ਖੇਤਰਾਂ ਵਿੱਚ ਧੁੱਸੀ ਪਾਰ ਕਰਕੇ ਪਿੰਡਾਂ ਨੂੰ ਮੋੜਾ ਪਾ ਸਕਦਾ ਹੈ। ਤਾਜ਼ਾ ਹਾਲਾਤ ਦੌਰਾਨ ਦਰਿਆ ਕਿਨਾਰੇ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਅਤੇ ਗੰਨੇ ਦੀ ਫਸਲ ਵਿੱਚ ਵੀ ਕਰੀਬ 7-8 ਫੁੱਟ ਤੱਕ ਪਾਣੀ ਭਰ ਗਿਆ ਹੈ। ਉੱਧਰ, ਪ੍ਰਸ਼ਾਸਨ ਭਾਵੇਂ ਸੁਚੱਜੇ ਪ੍ਰਬੰਧਾਂ ਦਾ ਦਾਅਵਾ ਕਰ ਰਿਹਾ ਹੈ, ਪਰ ਹਕੀਕੀ ਪ੍ਰਬੰਧ ਹਾਲੇ ਦੂਰ ਨਜ਼ਰ ਆ ਰਹੇ ਹਨ। ਬੀਤੀ ਸ਼ਾਮ 5 ਵਜੇ ਪੌਂਗ ਡੈਮ ਵਿੱਚ ਪਾਣੀ ਦੀ ਆਮਦ 36191 ਕਿਊਸਕ ਸੀ, ਜੋ ਅੱਜ ਸਵੇਰੇ 5 ਵਜੇ 141327 ਕਿਊਸਕ ਹੋ ਗਈ, ਜਿਹੜੀ ਕਿ ਸਵੇਰੇ 8 ਵਜੇ 200466 ਕਿਊਸਕ ਹੋ ਗਈ ਸੀ। ਦੇਰ ਸ਼ਾਮ 6 ਵਜੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1377 ਫੁੱਟ ਨੂੰ ਪਾਰ ਕਰ ਗਿਆ ਸੀ। ਦਰਿਆ ਕਿਨਾਰੇ ਵੱਸੇ ਪਿੰਡ ਮਹਿਤਾਬਪੁਰ ਦੇ ਸਰਪੰਚ ਮਨਜਿੰਦਰ ਸਿੰਘ, ਨੰਬਰਦਾਰ ਬਹਾਦਰ ਸਿੰਘ, ਨੰਬੜਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਤੋਂ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। ਦਰਿਆ ਨੇੜਲੇ ਖੇਤਾਂ ਵਿੱਚ ਝੋਨੇ ਤੇ ਗੰਨੇ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਐੱਸਡੀਐੱਮ ਅੰਕੁਰ ਮਹਿੰਦਰੂ ਨੇ ਕਿਹਾ ਿਕ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਹਨ।
ਕਪੂਰਥਲਾ (ਜਸਬੀਰ ਸਿੰਘ ਚਾਨਾ): ਇੱਥੇ ਸੁਲਤਾਨਪੁਰ ਲੋਧੀ ਖੇਤਰ ’ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਪਾਣੀ ਕਈ ਲੋਕਾਂ ਦੇ ਘਰਾ ’ਚ ਵੜ ਗਿਆ ਹੈ। ਪਾਣੀ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਪਿੰਡਾਂ ਦੇ ਵਾਸੀ ਪ੍ਰੇਸ਼ਾਨ ਹਨ। ਸੁਲਤਾਨਪੁਰ ਦੇ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੱਗੋਵਾਲ ਤੇ ਕੰਮਵਾਲ ਦਾ ਦੌਰਾ ਕੀਤਾ ਜਿਥੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੀ। ਬੇਗੋਵਾਲ ਦੇ ਸਰਪੰਚ ਸੁਰਿੰਦਰ ਸਿੰਘ, ਗੱਜਣ ਸਿੰਘ ਦੇਸਲ, ਬਲਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕ ਪ੍ਰਸ਼ਾਸਨ ਨੂੰ ਪਿਛਲੇ ਪੰਜ ਦਿਨਾਂ ਤੋਂ ਇਸ ਸਥਿਤੀ ’ਤੇ ਕਾਬੂ ਪਾਉਣ ਲਈ ਰੌਲਾ ਪਾ ਰਹੇ ਹਨ ਪਰ ਪ੍ਰਸ਼ਾਸਨ ਖਾਮੋਸ਼ ਹੈ। ਇਸ ਦੌਰਾਨ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਮੰਡ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਪਾਣੀ ਦੇ ਵੱਧ ਰਹੇ ਪੱਧਰ ’ਤੇ ਚਿੰਤਾ ਪ੍ਰਗਟਾਈ। ਖਹਿਰਾ ਨੇ ਸਰਕਾਰ ਤੋਂ ਇਸ ਗੰਭੀਰ ਸਥਿਤੀ ਨਾਲ ਨਿਪਟਾਰਾ ਕਰਨ ਲਈ ਵੱਡੇ ਪੱਧਰ ’ਤੇ ਪ੍ਰਬੰਧਾਂ ਦੀ ਮੰਗ ਕੀਤੀ। ਡੀਸੀ ਅਮਿਤ ਕੁਮਾਰ ਪੰਚਾਲ ਨੇ ਟਰੈਕਟਰ ’ਤੇ ਸਵਾਰ ਹੋ ਕੇ ਪਿੰਡਾਂ ਦੇ ਪਾਣੀ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਪ੍ਰਸ਼ਾਸਨ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਬਾਬਾ ਸੁੱਖਾ ਸਿੰਘ
ਬੀਤੇ ਦਿਨ ਸਵੇਰੇ 6 ਵਜੇ ਪਿੰਡ ਬਾਊਪੁਰ ਮੰਡ ਨੇੜਿਉਂ ਬਿਆਸ ਦਰਿਆ ਦਾ ਆਰਜ਼ੀ ਬੰਨ੍ਹ ਟੁੱਟ ਗਿਆ ਸੀ ਤੇ ਲਗਪਗ 130 ਫੁੱਟ ਦਾ ਪਾੜ ਪੈ ਚੁੱਕਿਆ ਹੈ। ਇਸ ਨਾਲ ਪਿੰਡ ਬਾਊਪੁਰ ਮੰਡ, ਬਾਊਪੁਰ ਜਦੀਦ, ਮੁਹੰਮਦਾਬਾਦ, ਰਾਮਪੁਰ ਗੌਰਾ, ਭੈਣੀ ਕਾਦਰ ਬਖ਼ਸ਼, ਭੈਣੀ ਬਹਾਦਰ ਵਿਚ ਪਾਣੀ ਭਰਨ ਲੱਗਿਆ ਹੈ ਅਤੇ ਇਨ੍ਹਾਂ ਪਿੰਡਾਂ ਦੀਆਂ ਫਸਲਾਂ ਡੁੱਬ ਰਹੀਆਂ ਹਨ। ਇਸ ਦੀ ਜਾਣਕਾਰੀ ਮਿਲਦੇ ਹੀ ਸੰਤ ਬਾਬਾ ਸੁੱਖਾ ਸਿੰਘ ਦੇ ਹੁਕਮ ’ਤੇ ਸੰਪਰਦਾਇ ਦੀ ਸੰਗਤ ਨੇ ਸੇਵਾ ਆਰੰਭ ਦਿੱਤੀ। ਇਸ ਦੇ ਨਾਲ ਹੀ ਇਕ ਹੋਰ ਥਾਂ ਪਿੰਡ ਸ਼ੇਰਪੁਰ ਡੋਗਰਾਂ ਅਤੇ ਆਹਲੀ ਕਲਾਂ ਦੇ ਕੋਲ ਬਿਆਸ ਦਰਿਆ ਦੇ ਬੰਨ੍ਹ ਨੂੰ ਢਾਹ ਲੱਗ ਰਹੀ ਹੈ, ਜਿਸ ਦੇ ਬਚਾਅ ਲਈ ਸੰਪਰਦਾਇ ਵੱਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਸੇਵਾ ਚੱਲ ਰਹੀ ਹੈ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ
ਜਲੰਧਰ (ਹਤਿੰਦਰ ਮਹਿਤਾ): ਬਿਆਸ ਦਰਿਆ ਵਿੱਚ 1 ਲੱਖ ਕਿਊਸਕ ਤੋਂ ਵੱਧ ਪਾਣੀ ਵਗਣ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ। ਦਰਿਆ ਵਿੱਚ ਪੈਂਦੇ ਮੰਡ ਖੇਤਰ ਦੇ 16 ਤੋਂ ਵੱਧ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੇਵਾਦਾਰਾਂ ਨਾਲ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਪਾਣੀ ਵਿੱਚ ਘਿਰੇ ਕਿਸਾਨਾਂ ਨੂੰ ਘਰਾਂ ਵਿੱਚੋਂ ਸੁਰੱਖਿਅਤ ਕੱਢਣ ਅਤੇ ਉਨ੍ਹਾਂ ਨੂੰ ਖਾਣਾ ਪਹੁੰਚਾਉਣ ਲਈ ਸੰਤ ਸੀਚੇਵਾਲ ਨੇ ਦੋ ਕਿਸ਼ਤੀਆ ਮਹੁੱਈਆ ਕਰਵਾਈਆਂ। ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਵੀ ਸੰਤ ਸੀਚੇਵਾਲ ਵੱਲੋਂ ਕਿਸਾਨਾਂ ਦੀ ਮੱਦਦ ਲਈ ਐਕਸਾਵੇਟਰ ਮਸ਼ੀਨ ਭੇਜੀ ਗਈ। ਉਧਰ, ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਸ੍ਰੀ ਸੀਚੇਵਾਲ ਤੋਂ ਮੰਗ ਕੀਤੀ ਕਿ ਹਰੀਕੇ ਹੈੱਡ ਦੇ ਗੇਟ ਖੁੱਲ੍ਹਵਾਏ ਜਾਣ ਤਾਂ ਜੋ ਇਸ ਇਲਾਕੇ ਵਿੱਚੋਂ ਪਾਣੀ ਦੀ ਨਿਕਾਸੀ ਹੋ ਸਕੇ। ਇਸ ਮੌਕੇ ਸ੍ਰੀ ਸੀਚੇਵਾਲ ਨੇ ਲੋਕਾਂ ਦੀ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ।
ਪਠਾਨਕੋਟ ’ਚ ਹੜ੍ਹ ਵਰਗੇ ਹਾਲਾਤ; ਡਲਹੋਜ਼ੀ ਦਾ ਪਠਾਨਕੋਟ ਨਾਲੋਂ ਸੰਪਰਕ ਟੁੱਟਿਆ
ਪਠਾਨਕੋਟ (ਐਨਪੀ. ਧਵਨ): ਲੰਘੀ ਰਾਤ ਤੋਂ ਲੈ ਕੇ ਅੱਜ ਸਵੇਰੇ 11 ਵਜੇ ਤੱਕ ਲਗਾਤਾਰ 16 ਘੰਟੇ ਪਈ ਤੇਜ਼ ਬਾਰਸ਼ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਨੀਵੇਂ ਖੇਤਰਾਂ ਵਿੱਚ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਨੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸ ਬਾਰਸ਼ ਨੇ ਪਠਾਨਕੋਟ ਅੰਦਰ ਕਾਫੀ ਨੁਕਸਾਨ ਕੀਤਾ ਹੈ। ਰਾਤ ਸਮੇਂ ਪਠਾਨਕੋਟ ਦੇ ਲਮੀਨੀ ਇਲਾਕੇ ਵਿੱਚ ਸਰਕਾਰੀ ਕਾਲਜ ਦੇ ਸਾਹਮਣੇ ਵਗਦੀ ਖੱਡੀ ਖੱਡ ਪਾਰ ਕਰਦੇ ਸਮੇਂ ਐਕਟਿਵਾ ਸਵਾਰ ਨੌਜਵਾਨ ਡੁੱਬ ਗਿਆ, ਜਿਸ ਨੂੰ ਪੁਲੀਸ ਪ੍ਰਸ਼ਾਸਨ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਸਥਾਨਕ ਸਿਵਲ ਹਸਪਤਾਲ ਦੇ ਬਾਹਰ ਲੋਕਾਂ ਨੂੰ ਗੋਡੇ-ਗੋਡੇ ਪਾਣੀ ਵਿੱਚੋਂ ਦੀ ਲੰਘਣਾ ਪਿਆ। ਇਸ ਦੇ ਨਾਲ ਹੀ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ਅੱਜ ਸਵੇਰੇ 4 ਵਜੇ ਦੇ ਕਰੀਬ ਪਠਾਨਕੋਟ ਦੇ ਦੁਨੇਰਾ ਕਸਬੇ ਦੇ ਨੇੜੇ ਮੰਡੋਲਾ ਮੋੜ ’ਤੇ ਜ਼ਮੀਨ ਖਿਸਕਣ ਹਾਈਵੇਅ ਦਾ ਕਰੀਬ 200 ਮੀਟਰ ਟੋਟਾ ਧੱਸ ਗਿਆ। ਡਲਹੌਜ਼ੀ, ਚੰਬਾ, ਬਸੋਹਲੀ ਅਤੇ ਬਿਲਾਵਰ ਜਿਹੇ ਸ਼ਹਿਰਾਂ ਨਾਲ ਪਠਾਨਕੋਟ ਦਾ ਸੰਪਰਕ ਟੁੱਟ ਗਿਆ ਹੈ। ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿੱਚ ਵਗਦਾ ਸ਼ਿੰਗਾਰਵਾਂ ਨਾਲਾ ਅਤੇ ਬਮਿਆਲ ਖੇਤਰ ਵਿੱਚ ਵਗਦਾ ਜਲਾਲੀਆ ਨਾਲਾ ਪੂਰੀ ਤਰ੍ਹਾਂ ਪਾਣੀ ਨਾਲ ਉਛਲ ਗਏ ਤੇ ਇਲਾਕੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ।