ਨਸੀਬ ਜਿਨ੍ਹਾਂ ਦੇ ਹਨੇਰੇ ’ਚ ਗੁਆਚੇ: ਕੁਲੀ,ਗੁਲੀ ਅਤੇ ਜੁਲੀ ਤੋਂ ਵੀ ਮੁਥਾਜ ਹੈ ਬਜ਼ੁਰਗ ਬਚਨ ਕੌਰ ਦਾ ਪਰਿਵਾਰ
30 ਸਾਲਾਂ ਤੋਂ ਪੰਚਾਇਤ ਦੀ ਜ਼ਮੀਨ ਤੇ ਕਰ ਰਹੇ ਨੇ ਰੈਣ ਬਸੇਰਾ
ਹਲਕੇ ਦੇ ਪਿੰਡ ਕਾਵਾਂ ਵਾਲਾ ਵਿੱਚ ਬਜ਼ੁਰਗ ਮਾਤਾ ਬਚਨ ਕੌਰ ਦਾ ਪਰਿਵਾਰ ਗ਼ੁਰਬਤ ਦਾ ਜੀਵਨ ਹੰਢਾਅ ਰਿਹਾ ਹੈ। ਪਰਿਵਾਰ ਦੇ ਨਸੀਬ ਹਨੇਰੇ ’ਚ ਗੁਆਚ ਗਏ ਲੱਗਦੇ ਹਨ। ਦੇਸ਼ ਦੀ ਆਜ਼ਾਦੀ ਸਮੇਂ ਕੁਲੀ ਗੁਲੀ ਅਤੇ ਜੁਲੀ ਦਾ ਲੱਗਿਆ ਨਾਅਰਾ ਇਸ ਪਰਿਵਾਰ ਦਾ ਜੀਵਨ ਪੱਧਰ ਉੱਚਾ ਨਹੀਂ ਚੁੱਕ ਸਕਿਆ ਹੈ।
ਲੰਘੇ 30 ਵਰ੍ਹਿਆਂ ਤੋਂ ਮਾਤਾ ਬਚਨ ਕੌਰ ਪਿੰਡ ਤੋਂ ਬਾਹਰ ਵਿਰਾਨ ਵਿਚ ਪੰਚਾਇਤ ਦੇ ਇੱਕ ਜ਼ਮੀਨੀ ਟੁਕੜੇ ਵਿਚ ਆਪਣਾ ਜੀਵਨ ਬਿਤਾ ਕਰ ਰਹੀ ਹੈ। ਉਸਦੇ ਪਰਿਵਾਰ ਵਿੱਚ ਇਸ ਵੇਲੇ ਦੋ ਪੁੱਤਰਾਂ ਸਮੇਤ ਕੁੱਲ ਦਸ ਜੀਅ ਹਨ। ਉਨ੍ਹਾਂ ਦਾ ਮਿੱਟੀ ਨਾਲ ਬਣਾਇਆ ਕੱਚਾ ਘਰ ਹੌਲੀ ਹੌਲੀ ਖੁਰਕੇ ਖੰਡਰ ਬਣ ਗਿਆ ਅਤੇ ਹੁਣ ਪਰਿਵਾਰ ਤਰਪਾਲਾਂ ਦੇ ਬਣਾਏ ਤੰਬੂ ਨੁਮਾ ਘਰ ਵਿੱਚ ਰਹਿ ਰਿਹਾ ਹੈ।
ਪਰਿਵਾਰ ਬਿਜਲੀ ਅਤੇ ਸਾਫ਼ ਪਾਣੀ ਤੋਂ ਪੂਰੀ ਤਰ੍ਹਾਂ ਵਿਹੂਣਾ ਹੈ। ਸਰਕਾਰੀ ਸਹੂਲਤਾਂ ਨੇ ਅਜੇ ਇਸ ਪਰਿਵਾਰ ਦੇ ਦਰ ਉੱਤੇ ਦਸਤਕ ਨਹੀਂ ਦਿੱਤੀ ਹੈ। ਦਿਨ ਭਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਮੁਸ਼ਕਿਲ ਨਾਲ ਹੋ ਪਾ ਰਿਹਾ ਹੈ। ਮਾਤਾ ਬਚਨ ਕੌਰ ਨੂੰ ਝੋਰਾ ਹੈ ਕਿ ਪਿੰਡ ਦੀ ਪੰਚਾਇਤ ਤੋਂ ਲੈਕੇ ਕਿਸੇ ਮੰਤਰੀ ਨੇ ਉਨ੍ਹਾਂ ਦਾ ਦੁੱਖ ਨਹੀਂ ਜਾਣਿਆ ਹੈ।
ਸਿਤਮ ਦੀ ਗੱਲ ਹੈ ਕਿ ਪੰਚਾਇਤ ਪਰਿਵਾਰ ਤੋਂ ਆਪਣੀ ਜਗ੍ਹਾਂ ਦੇ ਟੁਕੜੇ ਦਾ ਸਲਾਨਾ ਸੱਤ ਹਜ਼ਾਰ ਰੁਪਏ ਮਾਲੀਆ ਵੀ ਵਸੂਲ ਰਿਹਾ ਹੈ। ਮਾਤਾ ਦੇ ਦੋ ਪੋਤਰੇ ਕਈ ਕੋਹਾਂ ਦਾ ਪੈਦਲ ਸਫ਼ਰ ਤੈਅ ਕਰਕੇ ਕਮਾਲਕੇ ਸਰਕਾਰੀ ਸਕੂਲ ਪੜ੍ਹਨ ਜਾਂਦੇ ਹਨ। ਬੱਚਿਆਂ ਨੂੰ ਪੜ੍ਹਾਈ ਦਾ ਸ਼ੌਕ ਹੈ ਪਰ ਪਰਿਵਾਰ ਦੀ ਆਰਥਿਕਤਾ ਅੜਿੱਕਾ ਬਣਦੀ ਦਿਖਾਈ ਦੇ ਰਹੀ ਹੈ। ਬੱਚਿਆਂ ਦਾ ਸੁਪਨਾ ਪੜ੍ਹ ਲਿਖਕੇ ਫੌਜ ਜਾ ਪੁਲੀਸ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਦਾ ਹੈ।

