ਚੋਰਾਂ ਵੱਲੋਂ ਐੱਸਬੀਆਈ ਏਟੀਐੱਮ ਦੀ ਭੰਨ-ਤੋੜ, ਨਕਦੀ ਚੋਰੀ ਕਰਨ ਦੀ ਕੋਸ਼ਿਸ਼
ਮਨੋਜ ਸ਼ਰਮਾ ਬਠਿੰਡਾ, 21 ਜੂਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਖੇ ਐੱਸਬੀਆਈ ਬੈਂਕ ਦੀ ਏਟੀਐੱਮ ਦੀ ਭੰਨ-ਤੋੜ ਕਰਦਿਆਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਕਰੀਬ 1.30...
ਮਨੋਜ ਸ਼ਰਮਾ
ਬਠਿੰਡਾ, 21 ਜੂਨ
ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਖੇ ਐੱਸਬੀਆਈ ਬੈਂਕ ਦੀ ਏਟੀਐੱਮ ਦੀ ਭੰਨ-ਤੋੜ ਕਰਦਿਆਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਕਰੀਬ 1.30 ਵਜੇ ਵਾਪਰੀ ਹੈ।
ਇਸ ਦੌਰਾਨ ਚੋਰ ਏਟੀਐੱਮ ਨੂੰ ਨੁਕਸਾਨ ਪਹੁੰਚਾਉਣ ’ਚ ਕਾਮਯਾਬ ਰਹੇ, ਪਰ ਐਮਰਜੈਂਸੀ ਸਾਇਰਨ ਵੱਜਣ ਅਤੇ ਸੁਰੱਖਿਆ ਪ੍ਰਣਾਲੀ ਚਾਲੂ ਹੋਣ ਕਾਰਨ ਨਕਦੀ ਕੱਢਣ ਵਿਚ ਅਸਫਲ ਰਹੇ। ਇਸ ਬਾਰੇ ਪੁਸ਼ਟੀ ਕਰਦੇ ਹੋਏ ਐੱਸਬੀਆਈ ਮਹਿਮਾ ਸਰਜਾ ਦੇ ਬ੍ਰਾਂਚ ਦੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਬਾਹਰੀ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ ਕੀਤੀ। ਉਸ ਤੋਂ ਬਾਅਦ ਏਟੀਐੱਮ ਕੈਬਿਨ ਵਿੱਚ ਦਾਖਲ ਹੋਏ ਅਤੇ ਅੰਦਰਲੇ ਕੈਮਰਿਆਂ ਨੂੰ ਉੱਪਰ ਵੱਲ ਕਰ ਦਿੱਤਾ।
ਏਟੀਐੱਮ ਅੰਦਰ ਹੋਈ ਹਿੱਲਜੁਲ ਦਾ ਪਤਾ ਲੱਗਣ ’ਤੇ ਮੁੰਬਈ ਸਥਿਤ ਕੰਟਰੋਲ ਰੂਮ ਵੱਲੋਂ ਤੁਰੰਤ ਐੱਸਐੱਸਪੀ ਬਠਿੰਡਾ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਅਮਰਿੰਦਰ ਸਿੰਘ ਅਤੇ ਚੌਂਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਗੁਰਦੀਪ ਸਿੰਘ ਮੌਕੇ ’ਤੇ ਪਹੁੰਚੇ।
ਚੌਂਕੀ ਇੰਚਾਰਜ ਨੇ ਦੱਸਿਆ ਕਰਮਚਾਰੀ ਸ਼ਾਮ ਦੇ ਸਮੇਂ ਏਟੀਐੱਮ ਨੂੰ ਜਿੰਦਰਾ ਲਾਉਣਾ ਭੁੱਲ ਗਏ ਸਨ, ਜਿਸ ਦਾ ਫਾਈਦਾ ਉਠਾਉਂਦਿਆਂ ਚੋਰਾਂ ਦੇ ਗਰੋਹ ਵੱਲੋਂ ਇੱਟਾਂ ਨਾਲ ਮਸ਼ੀਨ ਨੂੰ ਨੁਕਸਾਨ ਪਹੁੰਚਾਇਆ ਗਿਆ। ਪੁਲੀਸ ਮੁਤਾਬਕ ਪਿੰਡ ਵਾਸੀਆਂ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਆਪਣੇ ਮੋਟਰਸਾਈਕਲ ਉੱਤੇ ਫਰਾਰ ਹੋ ਗਏ। ਅਧਕਿਾਰੀਆਂ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਵੀ ਘੋਖੀ ਜਾ ਰਹੀ ਹੈ।

