DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਕਾਂਗਰਸ ’ਚ ਧੜੇਬੰਦੀ ਨਹੀਂ: ਬਘੇਲ

ਪੰਜਾਬ ਕਾਂਗਰਸ ਵੱਲੋਂ ਸੀਨੀਅਰ ਆਗੂਆਂ ਨਾਲ ਮੰਥਨ; ਦੋ ਦਿਨਾਂ ਦੇ ਦੌਰੇ ’ਤੇ ਆਏ ਪੰਜਾਬ ਕਾਂਗਰਸ ਦੇ ਇੰਚਾਰਜ
  • fb
  • twitter
  • whatsapp
  • whatsapp
featured-img featured-img
ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਵਿਚਾਰਾਂ ਕਰਦੇ ਹੋਏ ਪਾਰਟੀ ਆਗੂ।
Advertisement
ਚਰਨਜੀਤ ਭੁੱਲਰ

ਚੰਡੀਗੜ੍ਹ, 11 ਅਪਰੈਲ 

Advertisement

ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ‘ਮਿਸ਼ਨ-2027’ ਦੇ ਮੱਦੇਨਜ਼ਰ ਮੰਥਨ ਕੀਤਾ। ਬਘੇਲ ਦੋ ਦਿਨਾਂ ਦੇ ਦੌਰੇ ’ਤੇ ਆਏ ਹੋਏ ਹਨ ਜਿਨ੍ਹਾਂ ਨੇ ਅੱਜ ਪਹਿਲੇ ਦਿਨ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨਾਂ ਤੋਂ ਇਲਾਵਾ ਸੋਸ਼ਲ ਮੀਡੀਆ ਟੀਮ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਮੀਟਿੰਗ ਵਿੱਚ ਧੜਿਆਂ ’ਚ ਵੰਡੇ ਕਾਂਗਰਸੀ ਲੀਡਰਾਂ ਨੂੰ ਇੱਕਮੁੱਠ ਹੋ ਕੇ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ।

ਸੂਤਰਾਂ ਅਨੁਸਾਰ ਬਘੇਲ ਨੇ ਸਭਨਾਂ ਆਗੂਆਂ ਨੂੰ ਜੋਟੀ ਪਾਉਣ ਲਈ ਕਿਹਾ ਅਤੇ ਜਨਤਕ ਬਿਆਨਬਾਜ਼ੀ ਦੀ ਥਾਂ ਪਾਰਟੀ ਦੇ ਮੰਚ ’ਤੇ ਗੱਲ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕਿਸੇ ਕਿਸਮ ਦੀ ਕੋਈ ਧੜੇਬੰਦੀ ਨਹੀਂ ਹੈ ਅਤੇ ਸਭ ਆਗੂ ਇੱਕ ਹਨ। ਅੱਜ ਦੀਆਂ ਮੀਟਿੰਗਾਂ ਵਿੱਚ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਰਣਨੀਤੀ ਤਿਆਰ ਕੀਤੀ ਗਈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਅੱਜ ਧੜੇਬੰਦੀ ਨੂੰ ਨਕਾਰਦਿਆਂ ਕਿਹਾ ਕਿ ਸੂਬਾ ਕਾਂਗਰਸ ਦੇ ਸਭ ਆਗੂ ਇੱਕਜੁਟ ਹਨ ਅਤੇ ਸਭ ਮਿਲ ਕੇ ਪੰਜਾਬ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕਦੇ ਕੋਈ ਬਿਆਨ ਦੇ ਦਿੰਦਾ ਹੈ ਤਾਂ ਇਸ ਦਾ ਇਹ ਅਰਥ ਨਹੀਂ ਕਿ ਆਪਸ ਵਿੱਚ ਆਗੂਆਂ ਦੀ ਕੋਈ ਦੁਸ਼ਮਣੀ ਹੈ। ਅੱਜ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਪਣੇ ਵਿਚਾਰ ਰੱਖੇ।

ਬਘੇਲ ਨੇ ਕਾਂਗਰਸ ਦੇ ਸਾਬਰਮਤੀ ਸੰਮੇਲਨ ਤੋਂ ਮਗਰੋਂ ਪੰਜਾਬ ਕਾਂਗਰਸ ਦੀ ਮਜ਼ਬੂਤੀ ਲਈ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਾਲ-2025 ਨੂੰ ਸੰਗਠਨ ਨੂੰ ਮਜ਼ਬੂਤ ਕਰਨ ਦਾ ਸਾਲ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕੀਤਾ ਜਾਵੇਗਾ।

ਬਘੇਲ ਨੇ ਇਹ ਵੀ ਕਿਹਾ ਕਿ 26/11 ਅਤਿਵਾਦੀ ਹਮਲੇ ਦੇ ਮਾਸਟਰ ਮਾਈਂਡ ਤੁਹੱਵਰ ਰਾਣਾ ਦੀ ਹਵਾਲਗੀ ਲਈ ਮੁੱਢਲਾ ਘਰੇਲੂ ਕੰਮ ਯੂਪੀਏ ਸ਼ਾਸਨ ਦੌਰਾਨ ਹੀ ਕੀਤਾ ਗਿਆ ਸੀ। ਰਾਜਾ ਵੜਿੰਗ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੰਦਰ ਅਤੇ ਭਾਜਪਾ ਨੇਤਾ ਦੇ ਘਰ ’ਤੇ ਗ੍ਰਨੇਡ ਹਮਲੇ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਦਾ ਉਦੇਸ਼ ਪੰਜਾਬ ਵਿੱਚ ਧਰੁਵੀਕਰਨ ਪੈਦਾ ਕਰਨਾ ਜਾਪਦਾ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਗਠਨ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਮੌਜੂਦ ਸਨ।

ਆਸ਼ੂ ਨੇ ਮੰਗੇ ਤਿੰਨ ਆਗੂ

ਅਹਿਮ ਸੂਤਰਾਂ ਅਨੁਸਾਰ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਮੰਗ ਉਠਾਈ ਕਿ ਉਨ੍ਹਾਂ ਨੂੰ ਜ਼ਿਮਨੀ ਚੋਣ ਲੜਨ ਲਈ ਤਿੰਨ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ, ਵਿਜੈਇੰਦਰ ਸਿੰਗਲਾ ਅਤੇ ਸੁੰਦਰ ਸ਼ਾਮ ਅਰੋੜਾ ਦਿੱਤੇ ਜਾਣ।

ਝੂਠ ਬੋਲਦੇ ਨੇ ਕੇਜਰੀਵਾਲ: ਬਘੇਲ

ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਪਖਾਨਿਆਂ ਨੂੰ ਲੈ ਕੇ ਹੋ ਰਹੀ ਸਿਆਸਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ 75 ਵਰ੍ਹਿਆਂ ਵਿਚ ਪਖਾਨੇ ਕਿਸ ਨੇ ਬਣਾਏ, ਨਰਿੰਦਰ ਮੋਦੀ ਨੇ ਜਾਂ ਕੇਜਰੀਵਾਲ ਨੇ, ਇਹ ਦੋਵੇਂ ਆਗੂ ਪਹਿਲਾਂ ਤੈਅ ਕਰ ਲੈਣ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਈ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠ ਬੋਲਦੇ ਹਨ।

Advertisement
×