ਹਲਵਾਰਾ ਹਵਾਈ ਅੱਡੇ ਲਈ ਉਡਾਣਾਂ ਦਾ ਇੰਤਜ਼ਾਰ ਹੋਇਆ ‘ਲੰਮਾ’
ਇੱਥੋਂ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ 27 ਜੁਲਾਈ ਨੂੰ ਹੋਣ ਵਾਲੇ ਉਦਘਾਟਨ ਦਾ ਪ੍ਰੋਗਰਾਮ ਫਿਲਹਾਲ ਰੱਦ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਜੁਲਾਈ ਨੂੰ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਾ ਸੀ। ਇਸ ਦੇ ਉਦਘਾਟਨ ਲਈ ਕੋਈ ਅਗਲੀ ਤਰੀਕ ਹਾਲੇ ਤੱਕ ਤੈਅ ਨਹੀਂ ਕੀਤੀ ਗਈ ਹੈ ਪਰ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ 27 ਜੁਲਾਈ ਨੂੰ ਹਵਾਈ ਅੱਡੇ ਦੇ ਉਦਘਾਟਨੀ ਪ੍ਰੋਗਰਾਮ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਦੇ ਕਾਰਨ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਰਿਪੋਰਟਾਂ ਆ ਰਹੀਆਂ ਹਨ ਕਿ ਬਿਹਾਰ ਚੋਣਾਂ ਅਤੇ ਰੁਝੇਵਿਆਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹਾਲੇ ਸਮਾਂ ਨਹੀਂ ਹੈ। ਦੂਜੇ ਪਾਸੇ, ਹਵਾਈ ਅੱਡੇ ਦੇ ਬਹੁਤ ਸਾਰੇ ਬਹੁਤ ਮਹੱਤਵਪੂਰਨ ਕੰਮ ਹਾਲੇ ਵੀ ਪੈਂਡਿੰਗ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ ਪੂਰਾ ਕੀਤੇ ਬਿਨਾਂ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਜਾ ਸਕਦੀਆਂ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦੇ ਨਿਰਮਾਣ ਅਤੇ ਸੰਚਾਲਨ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਹਾਲ ਹੀ ਵਿੱਚ 27 ਜੁਲਾਈ ਨੂੰ ਲੁਧਿਆਣਾ ਵਿੱਚ ਉਦਘਾਟਨ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਇੱਥੇ ਜ਼ਿਆਦਾਤਰ ਕੰਮ ਪੂਰਾ ਹੋ ਚੁੱਕਿਆ ਹੈ ਪਰ ਜੇ ਜ਼ਮੀਨੀ ਪੱਧਰ ’ਤੇ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਜ਼ਰੂਰੀ ਕੰਮ ਨੇ ਜੋ ਅਜੇ ਪੂਰੇ ਨਹੀਂ ਹੋਏ। ਹਵਾਈ ਅੱਡਾ ਪ੍ਰਬੰਧਨ ਲਈ ਕੋਈ ਟੀਮ ਨਿਯੁਕਤ ਨਹੀਂ ਹੋਈ। ਏਅਰ ਇੰਡੀਆ ਵੱਲੋਂ ਉਡਾਣਾਂ ਸਬੰਧੀ ਹਾਲੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਤੇ ਅੰਦਰ ਦੇ ਬਹੁਤ ਸਾਰੇ ਕੰਮ ਹਾਲੇ ਵੀ ਪੈਂਡਿੰਗ ਹਨ।