DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੋੜਕੀ ਬੰਨ੍ਹ ’ਚ ਪਾੜ ਮਗਰੋਂ ਪਿੰਡ ਖਾਲੀ ਹੋਇਆ

ਫੌਜ ਨੇ ਲੋਕਾਂ ਨਾਲ ਸੰਭਾਲਿਆ ਮੋਰਚਾ; 550 ਏਕੜ ਫ਼ਸਲ ਨੁਕਸਾਨੀ
  • fb
  • twitter
  • whatsapp
  • whatsapp
featured-img featured-img
ਰੋੜਕੀ ਬੰਨ੍ਹ ਪੂਰਦੇ ਹੋਏ ਫੌਜ ਦੇ ਜਵਾਨ।
Advertisement

ਬਲਜੀਤ ਸਿੰਘ/ਸਤ ਪ੍ਰਕਾਸ਼ ਸਿੰਗਲਾ/ ਆਤਿਸ਼ ਗੁਪਤਾ

ਸਰਦੂਲਗੜ੍ਹ/ਬਰੇਟਾ/ਚੰਡੀਗੜ੍ਹ 17 ਜੁਲਾਈ

Advertisement

ਨੇੜਲੇ ਪਿੰਡ ਰੋੜਕੀ ਵਿੱਚ ਤੜਕੇ 2 ਵਜੇ ਘੱਗਰ ਦਾ ਬੰਨ੍ਹ ਟੁੱਟ ਗਿਆ, ਜਿਸ ਕਾਰਨ ਲਗਪਗ 550 ਏਕੜ ਰਕਬੇ ਵਿੱਚ ਪਾਣੀ ਭਰਨ ਨਾਲ ਫਸਲ ਤਬਾਹ ਹੋ ਗਈ। ਘੱਗਰ ਦਾ ਪਾਣੀ ਪੂਰੇ ਪਿੰਡ ਵਿੱਚ ਭਰ ਗਿਆ ਹੈ। ਲੋਕਾਂ ਨੇ ਜਾਨ-ਮਾਲ ਦੀ ਰਾਖੀ ਲਈ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਉਧਰ, ਬੰਨ੍ਹ ਟੁੱਟਣ ਦਾ ਪਤਾ ਚੱਲਣ ਮਗਰੋਂ 322 ਏਅਰ ਡਿਫੈਂਸ ਰੈਜੀਮੈਂਟ ਯੂਨਿਟ ਬਠਿੰਡਾ ਨੇ ਮੇਜਰ ਅਸ਼ਵਨੀ ਖਜੂਰੀਆ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨਾਲ ਮਿਲ ਕੇ ਬੰਨ੍ਹ ’ਤੇ ਮੋਰਚਾ ਸੰਭਾਲ ਲਿਆ ਅਤੇ ਪਿੰਡ ਰੋੜਕੀ, ਸਰਦੂਲਗੜ੍ਹ ਅਤੇ ਨਾਲ ਲੱਗਦੇ ਖੇਤਰ ਵਿੱਚ ਰਾਹਤ ਕਾਰਜ ਚਲਾਏ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਆਸ-ਪਾਸ ਦੇ ਪਿੰਡਾਂ ਤੋਂ ਲੋਕ ਮਦਦ ਲਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਸਿਰਸਾ-ਮਾਨਸਾ ਰੋਡ ’ਤੇ ਪਿੰਡ ਝੰਡਾ ਖੁਰਦ ਅਤੇ ਝੰਡਾ ਕਲਾਂ ਵਿੱਚ ਵੀ ਪਾਣੀ ਭਰ ਗਿਆ ਹੈ। ਹਾਲਾਂਕਿ ਖਨੌਰੀ, ਮੂਨਕ ਤੇ ਫਿਰੋਜ਼ਪੁਰ ਦੇ ਕੁਝ ਪਿੰਡਾਂ ਵਿੱਚੋਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਮੁਹਾਲੀ, ਪਟਿਆਲਾ, ਸੰਗਰੂਰ ਦੇ ਜਿਨ੍ਹਾਂ ਇਲਾਕਿਆਂ ਵਿੱਚੋਂ ਪਾਣੀ ਘਟ ਗਿਆ ਹੈ, ਹੁਣ ਉੱਥੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਹੁਣ ਤੱਕ ਸੂਬੇ ’ਚ ਹੜ੍ਹਾਂ ਕਰ ਕੇ 35 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 15 ਹੋਰ ਜ਼ਖ਼ਮੀ ਹੋਏ ਹਨ, ਜਦਕਿ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡਾਂ ਲਈ ਖਤਰਾ ਪੈਦਾ ਕਰਨ ਵਾਲੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਅਤੇ ਭਾਖੜਾ ਸਾਈਫਨ ਦੀ ਸਥਿਤੀ ਜਿਉਂ ਦੀ ਤਿਉਂ ਹੈ। ਇਹ ਪਾਣੀ ਪਿੰਡ ਗੋਰਖਨਾਥ ਕੁਲਰੀਆਂ ਤੋਂ ਅੱਗੇ ਪਿੰਡ ਬੀਰੇਵਾਲਾ ਤੇ ਰਿਉਂਦਾ ਵੱਲ ਵਧ ਰਿਹਾ ਹੈ। ਚਾਂਦਪੁਰਾ ਬੰਨ੍ਹ ਦਾ ਪਾੜ ਵੀ 100 ਫੁੱਟ ਨੂੰ ਪਾਰ ਕਰ ਚੁੱਕਾ ਹੈ ਜਿਸ ਦਾ ਡੀਸੀ ਰਿਸ਼ੀਪਾਲ ਸਿੰਘ ਤੇ ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਜਾਇਜ਼ਾ ਲਿਆ। ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਪ੍ਰਸ਼ਾਸਨ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ। ਐੱਨਡੀਆਰਐੱਫ ਟੀਮਾਂ ਵੱਲੋਂ ਲੋਕਾਂ ਨੂੰ ਕਿਸ਼ਤੀਆਂ ਰਾਹੀ ਸੁਰੱਖਿਅਤ ਕੱਢਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੂਬੇ ਵਿੱਚ ਹੜ੍ਹਾਂ ਕਰ ਕੇ 18 ਜ਼ਿਲ੍ਹਿਆਂ ਦੇ 1422 ਪਿੰਡ ਪ੍ਰਭਾਵਿਤ ਹੋਏ ਹਨ। ਹੜ੍ਹ ਕਰ ਕੇ ਤਰਨ ਤਾਰਨ, ਫਿਰੋਜ਼ਪੁਰ, ਫ਼ਤਹਿਗੜ੍ਹ ਸਾਹਬਿ, ਫ਼ਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐੱਸ.ਏ.ਐੱਸ. ਨਗਰ (ਮੁਹਾਲੀ), ਜਲੰਧਰ, ਸੰਗਰੂਰ, ਐੱਸ.ਬੀ.ਐੱਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ ਅਤੇ ਪਠਾਨਕੋਟ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਕੁੱਲ 168 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਸਿਹਤ ਵਿਭਾਗ ਦੀਆਂ 437 ਰੈਪਿਡ ਰਿਸਪੌਂਸ ਟੀਮਾਂ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿੱਚ 243 ਮੈਡੀਕਲ ਕੈਂਪ ਲਗਾਏ ਹਨ

ਵਿਧਾਇਕਾਂ ਨੇ ਲਿਆ ਹਾਲਾਤ ਦਾ ਜਾਇਜ਼ਾ

ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਿੱਛੋਂ ਜ਼ਿਆਦਾ ਪਾਣੀ ਆਉਣ ਕਾਰਨ ਘੱਗਰ ਵਿੱਚ ਅਜੇ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਹੂਲਤਾਂ ਲਈ ਰਾਹਤ ਕੈਂਪ ਲਾਏ ਹੋਏ ਹਨ। ਡਿਪਟੀ ਕਮਿਸ਼ਨਰ ਮਾਨਸਾ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਫੌਜ ਅਤੇ ਐਨਡੀਆਰਐਫ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹਨ।

Advertisement
×