ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਰੂਪਨਗਰ ਤੋਂ ਲੈ ਕੇ ਨੰਗਲ ਤੱਕ ਕਰੀਬ ਇੱਕ ਦਰਜਨ ਥਾਵਾਂ ਤੋਂ ਭਾਖੜਾ ਨਹਿਰ ਦੀ ਪਟੜੀ ਦੇ ਕੰਢੇ ਖੁਰ ਗਏ ਹਨ। ਜਾਣਕਾਰੀ ਅਨੁਸਾਰ ਰੂਪਨਗਰ ਨੇੜੇ ਪਿੰਡ ਨਾਨਕਪੁਰਾ, ਖਰੋਟਾ, ਗਾਜ਼ੀਪੁਰ, ਡਾਢੀ, ਮੀਢਵਾਂ ਆਦਿ ਸਣੇ ਨਹਿਰ ਦੀ ਪਟੜੀ ਦੇ ਕੰਢੇ ਖੁਰੇ ਹਨ। ਇੱਕ ਦੋ ਥਾਵਾਂ ’ਤੇ ਪਟੜੀ ’ਤੇ ਪਾੜ ਵੱਡੇ ਹੋਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਪੁਲੀਸ ਤੇ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਦਿਨੇਸ਼ ਚੱਢਾ, ਵਿਧਾਇਕ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵੀ ਵੱਖੋ-ਵੱਖ ਥਾਵਾਂ ’ਤੇ ਪੁੱਜ ਕੇ ਨਹਿਰ ਦੀ ਪਟੜੀ ਦੇ ਖੁਰ ਰਹੇ ਕੰਢਿਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਤੁਰੰਤ ਪਾੜ ਪੂਰਨ ਦੇ ਨਿਰਦੇਸ਼ ਦਿੱਤੇ। ਬੀ.ਬੀ.ਐੱਮ.ਬੀ. ਦੇ ਐੱਸ.ਡੀ.ਓ. ਨਵਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਹਿਕਮੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।