ਮੋਰਚਾ ਲਾਈ ਬੈਠੇ ਮਜ਼ਦੂਰਾਂ ਦੇ ਤੰਬੂਆਂ ਨੂੰ ਅੱਗ ਲਾਈ
ਰਣਜੀਤ ਸਿੰਘ ਸ਼ੀਤਲ
ਕਾਫੀ ਸਮੇਂ ਤੋਂ ਪਿੰਡ ਸ਼ਾਦੀਹਰੀ ਵਿੱਚ ਨਜੂਲ ਜ਼ਮੀਨ ਵਿੱਚ ਮੋਰਚਾ ਲਾਈ ਬੈਠੇ ਪਿੰਡ ਸ਼ਾਦੀਹਰੀ ਦੇ ਦਲਿਤਾਂ ’ਤੇ ਅੱਜ ਕੁੱਝ ਵਿਅਕਤੀਆਂ ਵੱਲੋਂ ‘ਕਥਿਤ’ ਹਮਲਾ ਕਰਕੇ ਦਲਿਤਾਂ ਦਾ ਹਰਾ ਚਾਰਾ, ਸਬਜ਼ੀਆਂ ਅਤੇ ਹੋਰ ਫਸਲਾਂ ਵਾਹੁਣ ਤੋਂ ਇਲਾਵਾ ਮਜ਼ਦੂਰਾਂ ਦੇ ਖੇਤ ਵਿੱਚ ਬਣਾਏ ਤੰਬੂਆਂ ਨੂੰ ਸਾੜ ਦਿੱਤਾ ਗਿਆ। ਇਸ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਅਤੇ ਔਰਤ ਵਿੰਗ ਦੇ ਆਗੂ ਜਸਵੀਰ ਕੌਰ ਹੇੜੀਕੇ ਨੇ ਦੱਸਿਆ ਕਿ ਪਿੰਡ ਸ਼ਾਦੀਹਰੀ ਦੇ ਦਲਿਤ ਪਰਿਵਾਰ ਕਾਫੀ ਸਮੇਂ ਤੋਂ ਸਬੰਧਤ ਜ਼ਮੀਨ ’ਤੇ ਕਾਬਜ਼ ਹਨ, ਪਰ ਪਿਛਲੇ ਕਾਫੀ ਸਮੇਂ ਤੋਂ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਕਿ ਮਜ਼ਦੂਰਾਂ ਦਾ ਕਬਜ਼ਾ ਤੋੜਿਆ ਜਾਵੇ ਪਰ ਅੱਜ ਇਹ ਘਟਨਾ ਵਾਪਰ ਗਈ। ਉਨ੍ਹਾਂ ਦੱਸਿਆ ਕਿ ਹਮਲਾ ਕਰਨ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਦੁਬਾਰਾ ਮਜ਼ਦੂਰਾਂ ਨੇ ਇਕੱਠੇ ਹੋ ਕੇ ਜ਼ਮੀਨ ਵਿੱਚ ਮੋਰਚਾ ਲਾਇਆ ਤਾਂ ਪੁਲੀਸ ਜ਼ਮੀਨ ਛੱਡ ਕੇ ਮੋਰਚੇ ਵਿੱਚੋਂ ਚਲੇ ਜਾਣ ਲਈ ਦਬਾਅ ਪਾਉਣ ਲੱਗੀ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲੀਸ ਭਾਵੇਂ ਇਸ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਇਹ ਸੰਘਰਸ਼ ਦਬੇਗਾ ਨਹੀਂ ਅਤੇ ਕਿਸੇ ਵੀ ਕੀਮਤ ’ਤੇ ਜ਼ਮੀਨ ਦਾ ਕਬਜ਼ਾ ਨਹੀਂ ਛੱਡਿਆ ਜਾਵੇਗਾ। ਥਾਣਾ ਦਿੜ੍ਹਬਾ ਦੇ ਐੱਸਐੱਚਓ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਸ਼ਾਦੀਹਰੀ ਵਿੱਚ ਨਜੂਲ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿੱਚ ਪੁਲੀਸ ਦੇ ਜਾਣ ਤੋਂ ਪਹਿਲਾਂ ਹੀ ਆਪਸ ਵਿੱਚ ਕੋਈ ਗੱਲਬਾਤ ਹੋਈ ਹੈ ਪਰ ਪੁਲੀਸ ਦਾ ਇਸ ਮਾਮਲੇ ਵਿੱਚ ਕੋਈ ਦਖ਼ਲ ਨਹੀਂ ਹੈ। ਝਗੜੇ ਮਗਰੋਂ ਜਿਹੜੇ ਵਿਅਕਤੀ ਹਸਪਤਾਲ ਵਿੱਚ ਦਾਖਲ ਹਨ, ਉਨ੍ਹਾਂ ਦੀ ਡਾਕਟਰੀ ਰਿਪੋਰਟ ਆਉਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।