ਸਾਹਾਂ ਦੀ ਡੋਰ ਟੁੱਟੀ ਪਰ ਮੋਹ ਦੀ ਤੰਦ ਕਾਇਮ
ਭੈਣ-ਭਰਾ ਦੇ ਅਟੁੱਟ ਰਿਸ਼ਤੇ ’ਚ ਬੱਝੀ ਜਲੰਧਰ ਦੀ ਭੈਣ ਅੰਮ੍ਰਿਤਪਾਲ ਕੌਰ ਸੰਨ 1971 ਦੀ ਜੰਗ ਵਿੱਚ ਸ਼ਹੀਦ ਹੋਏ ਆਪਣੇ ਭਰਾ ਕਮਲਜੀਤ ਸਿੰਘ ਦੀ ਸਮਾਧੀ ’ਤੇ ਪਿਛਲੇ 43 ਸਾਲਾਂ ਤੋਂ ਰੱਖੜੀ ਬੰਨ੍ਹਦੀ ਆ ਰਹੀ ਸੀ ਪਰ ਕੁਝ ਦਿਨ ਪਹਿਲਾਂ ਉਸ ਦੀ ਕੈਂਸਰ ਦੀ ਬਿਮਾਰੀ ਨਾਲ ਲੜਦਿਆਂ ਮੌਤ ਹੋ ਗਈ। ਭਾਵੇਂ 44ਵੇਂ ਵਰ੍ਹੇ ’ਚ ਅੰਮ੍ਰਿਤਪਾਲ ਕੌਰ ਰੱਖੜੀ ਬੰਨ੍ਹਣ ਨਾ ਆ ਸਕੀ, ਪਰ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਨੇ ਸ਼ਹੀਦ ਭਰਾ ਦੀ ਸਮਾਧੀ ’ਤੇ ਰੱਖੜੀ ਬੰਨ੍ਹਣ ਦੀ ਪਰੰਪਰਾ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਵੱਲੋਂ ਪਿਛਲੇ ਨੌਂ ਸਾਲਾਂ ਤੋਂ ਸਿੰਬਲ ਪੋਸਟ ’ਤੇ ਜਾ ਕੇ ਹਰ ਸਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਕਮਲਜੀਤ ਸਿੰਘ ਭਾਰਤ ਦਾ ਅਜਿਹਾ ਪਹਿਲਾ ਸ਼ਹੀਦ ਹੈ, ਜਿਸ ਦੀ ਸਮਾਧ ’ਤੇ ਹਰ ਸਾਲ ਰੱਖੜੀ ਬੰਨ੍ਹੀ ਜਾਂਦੀ ਹੈ। ਇਸ ਵਾਰ ਵੀ ਉਹ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਿੰਬਲ ਪਿੰਡ ਦੀਆਂ ਧੀਆਂ ਨੂੰ ਨਾਲ ਲੈ ਕੇ ਸ਼ਹੀਦ ਉਸ ਦੀ ਸਮਾਧੀ ’ਤੇ ਰੱਖੜੀ ਬੰਨ੍ਹਣ ਪੁੱਜੇ ਹਨ। ਉਨ੍ਹਾਂ ਨਮ ਅੱਖਾਂ ਨਾਲ ਦੱਸਿਆ ਕਿ ਪਿੰਡ ਸਿੰਬਲ ਦੇ ਲੋਕ ਕਮਲਜੀਤ ਸਿੰਘ ਨੂੰ ਅੱਜ ਵੀ ਮਸੀਹੇ ਵਜੋਂ ਪੂਜਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਪੋਸਟ ’ਤੇ ਤਾਇਨਾਤ ਬੀਐੱਸਐੱਫ਼ ਦੇ ਕੰਪਨੀ ਕਮਾਂਡਰ ਵਿਸ਼ਾਲ ਕਾਲੇ ਅਤੇ ਜਵਾਨਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀ। ਇਸ ਦੌਰਾਨ ਜਵਾਨਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਬੇਸ਼ੱਕ ਉਨ੍ਹਾਂ ਦੀ ਮੂੰਹ ਬੋਲੀ ਭੈਣ ਅੰਮ੍ਰਿਤਪਾਲ ਕੌਰ ਦੇ ਸਾਹ ਰੁਕ ਗਏ ਹਨ ਪਰ ਰੱਖੜੀ ਦੇ ਤਿਉਹਾਰ ਮੌਕੇ ਉਨ੍ਹਾਂ ਦੀਆਂ ਮੋਹ ਦੀਆਂ ਤੰਦਾਂ ਅੱਜ ਵੀ ਕਾਇਮ ਹਨ।