DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਹੱਦੀ ਜ਼ਿਲ੍ਹਿਆਂ ’ਚ ਉਛਲਿਆ ਉਝ ਦਰਿਆ

ਜੰਮੂ ਕਸ਼ਮੀਰ ਦੇ ਬੈਰਾਜ ਡੈਮ ਤੋਂ 2 ਲੱਖ 50 ਹਜ਼ਾਰ ਕਿਊਸਿਕ ਪਾਣੀ ਉਝ ਦਰਿਆ ਵਿਚ ਛੱਡਿਆ
  • fb
  • twitter
  • whatsapp
  • whatsapp
featured-img featured-img
ਉਝ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਦੀ ਮਾਰ ਹੇਠ ਆਇਆ ਬਮਿਆਲ ਦਾ ਬਾਜ਼ਾਰ।
Advertisement

ਐਨਪੀ ਧਵਨ

ਪਠਾਨਕੋਟ, 19 ਜੁਲਾਈ

Advertisement

ਜੰਮੂ ਕਸ਼ਮੀਰ ਵਿੱਚ ਅੱਜ ਮੋਹਲੇਧਾਰ ਮੀਂਹ ਮਗਰੋਂ ਕਠੂਆ ਜ਼ਿਲ੍ਹੇ ’ਚ ਸਥਿਤ ਬੈਰਾਜ ਡੈਮ ’ਚੋਂ ਪਾਣੀ ਉਝ ਦਰਿਆ ਵਿੱਚ ਛੱਡਣ ਕਾਰਨ ਪੰਜਾਬ ਦੇ ਨਦੀਆਂ ਅਤੇ ਨਾਲੇ ਨੱਕੋ-ਨੱਕ ਭਰ ਗਏ ਹਨ। ਬੈਰਾਜ ਡੈਮ ਤੋਂ ਅੱਜ ਸਵੇਰੇ ਹੀ ਉਝ ਦਰਿਆ ਵਿੱਚ ਲਗਪਗ 2 ਲੱਖ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜੋ ਮਕੌੜਾ ਪੱਤਣ ਪੁੱਜਿਆ। ਇੱਥੇ ਰਾਵੀ ਦਰਿਆ ਤੇ ਹੋਰ ਨਦੀਆਂ ਦਾ ਪਾਣੀ ਇਕੱਠਾ ਹੋਣ ਕਾਰਨ ਮਕੌੜਾ ਪੱਤਣ ’ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ। ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਜਾਣ ਕਾਰਨ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਤੇ ਪਠਾਨਕੋਟ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਜਾਣਕਾਰੀ ਅਨੁਸਾਰ ਮਕੌੜਾ ਪੱਤਣ ਵਿੱਚ ਉਝ, ਰਾਵੀ, ਜਲਾਲੀਆ ਤੇ ਸ਼ਿੰਗਾਰਵਾਂ ਸਣੇ ਹੋਰ ਨਦੀਆਂ ਦਾ ਪਾਣੀ ਪੁੱਜਣ ਕਾਰਨ ਪੱਤਣ ਦੇ ਪਾਰ ਪੈਂਦੇ 7 ਪਿੰਡ (ਲਸਿਆਨ, ਕਜਲੇ, ਝੇਬੇ, ਭਰਿਆਲ, ਕੂਕਰ, ਮੰਮੀ ਚਕਰੰਗਾ, ਝਬਕਰਾ) ਪਾਣੀ ਨਾਲ ਘਿਰ ਗਏ। ਇਸੇ ਤਰ੍ਹਾਂ ਬਮਿਆਲ ਕਸਬੇ ਵਿੱਚ ਬੀਡੀਪੀਓ ਦਫਤਰ, ਸਰਕਾਰੀ ਹਸਪਤਾਲ, ਪੁਲੀਸ ਚੌਕੀ ਅਤੇ ਬਾਜ਼ਾਰ ਵਿੱਚ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ ਤੇ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਣ ਲੱਗਾ। ਉਝ ਵਿੱਚ ਹੜ੍ਹ ਦੇ ਹਾਲਾਤ ਪੈਦਾ ਹੋਣ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਹਾਲੇ ਤੱਕ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ, ਪਰ ਕਈ ਪਿੰਡਾਂ ਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਪਾਣੀ ਦਾ ਪੱਧਰ ਇੰਨਾ ਵਧ ਗਿਆ ਕਿ ਮਕੌੜਾ ਪੱਤਣ ਵਿੱਚ ਚੱਲਦੀ ਕਿਸ਼ਤੀ ਸਾਰਾ ਦਿਨ ਲੋਕਾਂ ਨੂੰ ਨਾ ਢੋਅ ਸਕੀ। ਦੂਜੇ ਪਾਸੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪਣ ਕਾਰਨ ਉਥੇ ਸੈਂਟਰਲ ਵਾਟਰ ਕਮਿਸ਼ਨ ਵੱਲੋਂ ਲਾਈ ਗੇਜ ਡੁੱਬਣ ’ਤੇ ਪਾਣੀ ਦਾ ਪੱਧਰ ਨਹੀਂ ਨਾਪਿਆ ਗਿਆ। ਉਝ, ਰਾਵੀ ਦਰਿਆ ਤੇ ਹੋਰ ਨਿਕਾਸੀ ਨਾਲਿਆਂ ਦਾ ਪਾਣੀ ਗੁਰਦਾਸਪੁਰ, ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ਦਾਖ਼ਲ ਹੋ ਗਿਆ। ਹਾਲਾਂਕਿ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਅਗਾਊਂ ਮੁਨਾਦੀ ਕਰਵਾ ਕੇ ਲੋਕਾਂ ਨੂੰ ਹੜ੍ਹ ਬਾਰੇ ਸੁਚੇਤ ਕਰ ਦਿੱਤਾ ਸੀ। ਡੀਸੀ ਹਰਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਹੀ ਪ੍ਰਸ਼ਾਸਨਿਕ ਅਧਿਕਾਰੀ ਬਮਿਆਲ ਭੇਜ ਦਿੱਤੇ ਸਨ ਤੇ ਉਥੇ ਉਝ ਦਰਿਆ ਕੰਢੇ ਰਹਿ ਰਹੇ ਗੁੱਜਰਾਂ ਨੂੰ ਸੁਰੱਖਿਅਤ ਰੂਪ ਵਿੱਚ ਆਈਟੀਆਈ ਬਮਿਆਲ ਵਿੱਚ ਪਹੁੰਚਾ ਦਿੱਤਾ ਸੀ। ਸ਼ਾਮ ਨੂੰ 5 ਵਜੇ ਉਝ ਦਰਿਆ ਵਿੱਚ ਪਾਣੀ ਘਟ ਕੇ 52 ਹਜ਼ਾਰ 341 ਕਿਊਸਿਕ ਦਰਜ ਕੀਤਾ ਗਿਆ।

ਗੁਰਦਾਸਪੁਰ ਦੇ ਸੱਤ ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ

ਗੁਰਦਾਸਪੁਰ (ਕੇ.ਪੀ ਸਿੰਘ): ਮਕੌੜਾ ਪੱਤਣ ਵਿੱਚ ਪਾਣੀ ਚੜ੍ਹਨ ਕਾਰਨ ਰਾਵੀ ਦਰਿਆ ਪਾਰਲੇ ਸੱਤ ਪਿੰਡਾਂ ਦਾ ਦੇਸ਼ ਨਾਲੋਂ ਸਪੰਰਕ ਟੁੱਟ ਗਿਆ। ਇਨ੍ਹਾਂ ਵਿੱਚ ਪਿੰਡ ਤੂਰ, ਚੇਬੇ, ਭਰਿਆਲ, ਲਸਿਆਣ, ਮੰਮੀ ਚੱਕ ਰੰਗਾ, ਕਜਲੇ ਅਤੇ ਝੂਮਰ ਸ਼ਾਮਲ ਹਨ, ਜਿਥੋਂ ਦੇ ਵਸਕੀਨ ਦਰਿਆਂ ਤੋਂ ਇੱਧਰ ਵਾਲੇ ਪਾਸੇ ਕਿਸ਼ਤੀ ਰਾਹੀਂ ਆਉਂਦੇ ਹਨ। ਮਕੌੜਾ ਪੱਤਣ ਵਿੱਚ ਪਾਣੀ ਵਧਣ ਕਾਰਨ ਕਿਸ਼ਤੀ ਚੱਲਣੀ ਬੰਦ ਹੋ ਗਈ ਹੈ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸਐੱਸਪੀ ਹਰੀਸ਼ ਦਿਆਮਾ ਵੱਲੋਂ ਅੱਜ ਸਵੇਰੇ ਮਕੌੜਾ ਪੱਤਣ ’ਤੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡੀਸੀ ਨੇ ਦੱਸਿਆ ਕਿ ਰਾਵੀ ਦੇ ਕੰਢੇ ਸਥਿਤ ਬਹੁਤ ਸਾਰੇ ਪਿੰਡ ਖ਼ਾਲੀ ਕਰਵਾ ਲਏ ਹਨ। ਇਸ ਤੋਂ ਇਲਾਵਾ ਦਰਿਆ ਨੇੜੇ ਸਥਿਤ ਸਕੂਲਾਂ ਵਿੱਚ ਅਗਲੇ ਹੁਕਮਾਂ ਤੱਕ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਕਿਹਾ ਕਿ ਕੋਈ ਵੀ ਜਾਣਕਾਰੀ ਲੈਣ ਜਾਂ ਮੁਸ਼ਕਲ ਸਮੇਂ ਟੋਲ ਫ੍ਰੀ ਨੰਬਰ 1800-180-1852 ਅਤੇ 01874-266376 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਸਰੇ ਪਾਸੇ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਕੋਲੋਂ ਦਰਿਆਵਾਂ ਦੇ ਨੇੜੇ ਪਾਣੀ ਆਉਣ ਕਾਰਨ ਪ੍ਰਭਾਵਿਤ ਹੋਏ ਸਕੂਲਾਂ ਦੀ ਸੂਚੀ ਮੰਗੀ ਹੈ। ਇਸ ਸੂਚੀ ਵਿੱਚ ਉਨ੍ਹਾਂ ਸਕੂਲਾਂ ਦਾ ਨਾਮ, ਪਤਾ, ਸੰਪਰਕ ਨੰਬਰ ਅਤੇ ਜੇਕਰ ਉਸ ਸਕੂਲ ਵਿੱਚ ਬੁਨਿਆਦੀ ਢਾਂਚੇ ਨੂੰ ਕੋਈ ਨੁਕਸਾਨ ਪਹੁੰਚਿਆ ਹੈ ਤਾਂ ਉਸ ਦੀ ਜਾਣਕਾਰੀ ਦੇਣ ਲਈ ਕਿਹਾ ਹੈ।

Advertisement
×