ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ 18 ਦਿਨ ਰਹਿਣ ਮਗਰੋਂ ਮੰਗਲਵਾਰ ਨੂੰ ਧਰਤੀ ’ਤੇ ਸੁੱਖੀ-ਸਾਂਦੀ ਪਰਤ ਆਇਆ ਹੈ। ਉਸ ਦੀ ਇਸ ਪ੍ਰਾਪਤੀ ਨਾਲ ਭਾਰਤ ਦੇ ਆਪਣੇ ਮਾਨਵੀ ਪੁਲਾੜ ਵਾਹਨ ਦੀਆਂ ਉਮੀਦਾਂ ਨੂੰ ਖੰਭ ਲੱਗ ਗਏ ਹਨ। ਲਖਨਊ ’ਚ ਜੰਮੇ ਸ਼ੁਕਲਾ ਅਤੇ ਪ੍ਰਾਈਵੇਟ ਐਕਸੀਓਮ-4 ਮਿਸ਼ਨ ਦੇ ਉਨ੍ਹਾਂ ਦੇ ਤਿੰਨ ਹੋਰ ਸਾਥੀ ਮੰਗਲਵਾਰ ਨੂੰ ਦੱਖਣੀ ਕੈਲੀਫੋਰਨੀਆ ’ਚ ਪ੍ਰਸ਼ਾਂਤ ਸਾਗਰ ’ਚ ਸਾਂ ਡੀਏਗੋ ਨੇੜੇ ਪੈਸੇਫਿਕ ਸਮੇਂ ਮੁਤਾਬਕ ਵੱਡੇ ਤੜਕੇ 2 ਵਜ ਕੇ 31 ਮਿੰਟ (ਭਾਰਤੀ ਸਮੇਂ ਮੁਤਾਬਕ 3.01 ਮਿੰਟ) ’ਤੇ ਉਤਰੇ। ਭਾਰਤੀ ਹਵਾਈ ਫੌਜ ’ਚ ਗਰੁੱਪ ਕੈਪਟਨ ਸ਼ੁਕਲਾ, ਰਾਕੇਸ਼ ਸ਼ਰਮਾ ਮਗਰੋਂ ਪੁਲਾੜ ਦਾ ਸਫ਼ਰ ਤੈਅ ਕਰਨ ਵਾਲੇ ਦੂਜੇ ਭਾਰਤੀ ਬਣ ਗਏ ਹਨ। ਉਹ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਪੁੱਜਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ ਜਿਸ ਨੇ ਸਟੇਸ਼ਨ ’ਤੇ ਲੰਬੇ ਸਮੇਂ ਤੱਕ ਰੁਕ ਕੇ ਇਤਿਹਾਸ ਸਿਰਜਿਆ ਹੈ। ਕਰੀਬ 28 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਯਾਤਰਾ ਕਰਦਿਆਂ ਐਕਸੀਓਮ-4 ਦੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਡਰੈਗਨ ਪੁਲਾੜ ਯਾਨ ਨੇ ਹੌਲੀ-ਹੌਲੀ ਗਤੀ ਘਟਾਉਣ ਅਤੇ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਣ ਲਈ ਕਈ ਢੰਗ-ਤਰੀਕੇ ਵਰਤੇ। ਕੁਝ ਮਿੰਟਾਂ ਬਾਅਦ ਪੁਲਾੜ ਵਾਹਨ ਨੂੰ ਸਪੇਸਐਕਸ ਦੇ ਰਿਕਵਰੀ ਜਹਾਜ਼ ‘ਸ਼ੈਨਨ’ ਉੱਤੇ ਖਿੱਚਿਆ ਗਿਆ, ਜਿੱਥੇ ਸ਼ੁਕਲਾ ਅਤੇ ਦੂਜੇ ਪੁਲਾੜ ਯਾਤਰੀ ਮੁਸਕਰਾਉਂਦੇ ਹੋਏ ਅਤੇ ਕੈਮਰਿਆਂ ਵੱਲ ਹੱਥ ਹਿਲਾਉਂਦੇ ਹੋਏ ਬਾਹਰ ਨਿਕਲੇ। ਉਥੇ ਮੌਜੂਦ ਮੁਲਾਜ਼ਮਾਂ ਨੇ ਪੁਲਾੜ ਯਾਤਰੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਿੱਚ ਮਦਦ ਕੀਤੀ। ਡਰੈਗਨ ਗਰੇਸ ਪੁਲਾੜ ਵਾਹਨ ਨੇ 25 ਜੂਨ ਨੂੰ ਫਲੋਰਿਡਾ ਤੋਂ ਉਡਾਣ ਭਰੀ ਸੀ ਅਤੇ ਇਹ 28 ਘੰਟਿਆਂ ਦੇ ਸਫ਼ਰ ਮਗਰੋਂ 26 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਨਾਲ ਜੁੜ ਗਿਆ ਸੀ। ਐਕਸੀਓਮ-4 ਮਿਸ਼ਨ ਦੇ ਅਮਲੇ ’ਚ ਸ਼ੁਭਾਂਸ਼ੂ ਸ਼ੁਕਲਾ, ਕਮਾਂਡਰ ਪੈਗੀ ਵ੍ਹਿਟਸਨ, ਮਿਸ਼ਨ ਮਾਹਿਰ ਪੋਲੈਂਡ ਦੇ ਸਲਾਵੋਜ਼ ਉਜ਼ਨਾਨਸਕੀ-ਵਿਸਨੀਵਸਕੀ ਅਤੇ ਹੰਗਰੀ ਦੇ ਟਿਬੋਰ ਕਾਪੂ ਸ਼ਾਮਲ ਸਨ ਜਿਨ੍ਹਾਂ 18 ਦਿਨਾਂ ਤੱਕ 60 ਤਜਰਬੇ ਕੀਤੇ। ਐਕਸੀਓਮ-4 ਅਮਲੇ ਦੇ ਮੈਂਬਰਾਂ ਨੂੰ ਹੈਲੀਕਾਪਟਰ ਰਾਹੀਂ ਕੰਢੇ ’ਤੇ ਪਹੁੰਚਾਉਣ ਤੋਂ ਪਹਿਲਾਂ ਸਮੁੰਦਰੀ ਜਹਾਜ਼ ’ਚ ਉਨ੍ਹਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਚਾਰੋਂ ਪੁਲਾੜ ਯਾਤਰੀ ਅਗਲੇ ਸੱਤ ਦਿਨ ਮੁੜ ਵਸੇਬਾ ਕੇਂਦਰ ’ਚ ਰਹਿਣਗੇ ਤਾਂ ਜੋ ਉਨ੍ਹਾਂ ਦਾ ਸਰੀਰ ਧਰਤੀ ਮੁਤਾਬਕ ਵਿਹਾਰ ਕਰ ਸਕੇ। ਇਸਰੋ ਨੇ ਕਿਹਾ ਕਿ ਸ਼ੁਕਲਾ ਨੇ ਸੂਖਮ ਗੁਰੂਤਾ ਨਾਲ ਸਬੰਧਤ ਸਾਰੇ ਸੱਤ ਸਫ਼ਲ ਤਜਰਬੇ ਕੀਤੇ ਅਤੇ ਹੋਰ ਯੋਜਨਾਬੱਧ ਸਰਗਰਮੀਆਂ ਨੂੰ ਮੁਕੰਮਲ ਕੀਤਾ।
ਮੁਰਮੂ, ਮੋਦੀ ਅਤੇ ਰਾਜਨਾਥ ਨੇ ਕੀਤਾ ਸਵਾਗਤ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁਭਾਂਸ਼ੂ ਸ਼ੁਕਲਾ ਨੂੰ ਧਰਤੀ ’ਤੇ ਪਰਤਣ ਮਗਰੋਂ ਵਧਾਈ ਦਿੱਤੀ ਹੈ। ਮੁਰਮੂ ਨੇ ‘ਐਕਸ’ ’ਤੇ ਕਿਹਾ, ‘‘ਇਸ ਮਿਸ਼ਨ ਨਾਲ ਜੁੜੇ ਹਰ ਕਿਸੇ ਨੂੰ ਮੈਂ ਵਧਾਈ ਦਿੰਦੀ ਹਾਂ।’’ ਸ੍ਰੀ ਮੋਦੀ ਨੇ ਕਿਹਾ ਕਿ ਸ਼ੁਭਾਂਸ਼ੂ ਸ਼ੁਕਲਾ ਨੇ ਸਮਰਪਣ ਤੇ ਹੌਸਲੇ ਨਾਲ ਅਰਬਾਂ ਸੁਪਨਿਆਂ ਨੂੰ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਕਿਹਾ, ‘‘ਪੁਲਾੜ ’ਚ ਇਤਿਹਾਸਕ ਮਿਸ਼ਨ ਮਗਰੋਂ ਧਰਤੀ ’ਤੇ ਪਰਤਣ ’ਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਮੈਂ ਸਾਰੇ ਦੇਸ਼ਵਾਸੀਆਂ ਨਾਲ ਉਸ ਦਾ ਸਵਾਗਤ ਕਰਦਾ ਹਾਂ।’’ ਉਨ੍ਹਾਂ ਕਿਹਾ ਕਿ ਗਗਨਯਾਨ ਮਿਸ਼ਨ ਵੱਲ ਸ਼ੁਭਾਸ਼ੂ ਦੀ ਇਹ ਪ੍ਰਾਪਤੀ ਮੀਲ ਦਾ ਪੱਥਰ ਸਾਬਤ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ਼ੁਭਾਂਸ਼ੂ ਸ਼ੁਕਲਾ ਨੇ ਸਿਰਫ਼ ਪੁਲਾੜ ਨੂੰ ਨਹੀਂ ਛੂਹਿਆ ਸਗੋਂ ਭਾਰਤ ਦੀਆਂ ਖਾਹਿਸ਼ਾਂ ਨੂੰ ਵੀ ਨਵੀਂ ਉਚਾਈ ਪ੍ਰਦਾਨ ਕੀਤੀ ਹੈ। -ਪੀਟੀਆਈ
ਮਾਪਿਆਂ ਨੇ ਸੁੱਖ ਦਾ ਸਾਹ ਲਿਆ
ਲਖਨਊ: ਆਪਣੇ ਪੁੱਤਰ ਸ਼ੁਭਾਂਸ਼ੂ ਸ਼ੁਕਲਾ ਦੇ ਧਰਤੀ ’ਤੇ ਪਰਤਣ ਮਗਰੋਂ ਉਸ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਹੈ। ਸ਼ੁਕਲਾ ਦੇ ਪਿਤਾ ਸ਼ੰਭੂ ਦਯਾਲ ਸ਼ੁਕਲਾ, ਮਾਤਾ ਆਸ਼ਾ ਦੇਵੀ ਅਤੇ ਭੈਣ ਸੁਚੀ ਮਿਸ਼ਰਾ ਨੇ ਉਸ ਦੇ ਧਰਤੀ ’ਤੇ ਪਰਤਣ ਦਾ ਸਿੱਧਾ ਪ੍ਰਸਾਰਣ ਦੇਖਿਆ ਜਿਸ ਦੌਰਾਨ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਨਿਕਲ ਆਏ। ਪਿਤਾ ਨੇ ਕਿਹਾ, ‘‘ਸ਼ੁਭਾਂਸ਼ੂ ਪੁਲਾੜ ’ਤੇ ਰਹਿਣ ਮਗਰੋਂ ਧਰਤੀ ’ਤੇ ਪਰਤ ਆਇਆ ਹੈ ਤੇ ਅਸੀਂ ਵੀ ਖ਼ਿਆਲਾਂ ’ਚ ਚੰਦ ’ਤੇ ਪਹੁੰਚ ਗਏ ਹਾਂ ਕਿਉਂਕਿ ਇਸ ਮਿਸ਼ਨ ਦੀ ਦੇਸ਼ ਦੇ ਗਗਨਯਾਨ ਪ੍ਰੋਗਰਾਮ ਲਈ ਆਪਣੀ ਅਹਿਮੀਅਤ ਹੈ।’’ ਇਸਰੋ ਨੇ ਇਸ ਮਿਸ਼ਨ ਲਈ 550 ਕਰੋੜ ਰੁਪਏ ਨਿਵੇਸ਼ ਕੀਤੇ ਹਨ ਤੇ ਇਸ ਤੋਂ ਸਬਕ ਲੈ ਕੇ ਉਹ ਗਗਨਯਾਨ ਪ੍ਰਾਜੈਕਟ ਰਾਹੀਂ ਆਪਣੇ ਮਿਸ਼ਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। -ਪੀਟੀਆਈ