DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਨੇ ਗੰਨੇ ਦਾ ਭਾਅ 10 ਰੁਪਏ ਵਧਾਇਆ

ਹਰਿਆਣਾ ਨਾਲੋਂ ਵੱਧ ਹੋਇਆ ਸੂਬੇ ’ਚ ਗੰਨੇ ਦਾ ਭਾਅ
  • fb
  • twitter
  • whatsapp
  • whatsapp
Advertisement

* ਗੰਨੇ ਦਾ ਭਾਅ 391 ਤੋਂ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕੀਤਾ

* ਪ੍ਰਾਈਵੇਟ ਖੰਡ ਮਿੱਲਾਂ 339.50 ਰੁਪਏ ਜਦਕਿ ਸਰਕਾਰ 61.50 ਰੁਪਏ ਦਾ ਯੋਗਦਾਨ ਦੇਵੇਗੀ

Advertisement

* ਗੰਨੇ ਦੀ ਪਿੜਾਈ ਦਾ ਸੀਜ਼ਨ ਸ਼ੁਰੂ

ਚਰਨਜੀਤ ਭੁੱਲਰ

ਚੰਡੀਗੜ੍ਹ, 25 ਨਵੰਬਰ

ਪੰਜਾਬ ਸਰਕਾਰ ਨੇ ਗੰਨੇ ਦੇ ਪਿੜਾਈ ਸੀਜ਼ਨ ਦੇ ਅੱਜ ਪਹਿਲੇ ਦਿਨ ਸਾਲ 2024-25 ਲਈ ਗੰਨੇ ਦੀ ਕੀਮਤ ਵਿਚ 10 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਗੰਨੇ ਦਾ ਭਾਅ 391 ਤੋਂ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਅਗੇਤੀਆਂ ਕਿਸਮਾਂ ਲਈ ਗੰਨੇ ਦਾ ਸਟੇਟ ਐਗਰੀਡ ਪ੍ਰਾਈਸ 401 ਰੁਪਏ ਅਤੇ ਦਰਮਿਆਨੀਆਂ ਤੇ ਪਿਛੇਤੀਆਂ ਕਿਸਮਾਂ ਲਈ 391 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਨਵੇਂ ਵਾਧੇ ਮਗਰੋਂ ਪੰਜਾਬ ਵਿਚ ਗੰਨੇ ਦਾ ਭਾਅ ਹਰਿਆਣਾ ਨਾਲੋਂ ਵਧ ਹੋ ਗਿਆ ਹੈ। ਹਰਿਆਣਾ ਵਿਚ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਹੈ। ਦੱਸਣਯੋਗ ਹੈ ਕਿ ਗੰਨੇ ਦੀ ਪਿੜਾਈ ਸੀਜ਼ਨ ਵੀ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ। ਉਂਜ ਕਿਸਾਨ ਧਿਰਾਂ ਨੇ ਪੰਜਾਬ ਸਰਕਾਰ ਤੋਂ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਮੰਗ ਕੀਤੀ ਸੀ।

‘ਆਪ’ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਗੰਨੇ ਦੇ ਭਾਅ ਵਿਚ ਇਹ ਤੀਸਰੀ ਵਾਰ ਵਾਧਾ ਕੀਤਾ ਗਿਆ ਹੈ। ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਅਗੇਤੀਆਂ ਕਿਸਮਾਂ ਲਈ ਗੰਨੇ ਦੇ ਤੈਅ ਸਟੇਟ ਐਗਰੀਡ ਪ੍ਰਾਈਸ ਵਜੋਂ 339.50 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣਗੇ ਜਦੋਂ ਕਿ ਬਾਕੀ ਦੇ 61.50 ਰੁਪਏ ਪ੍ਰਤੀ ਕੁਇੰਟਲ ਦੀ ਅਦਾਇਗੀ ਸੂਬਾ ਸਰਕਾਰ ਵੱਲੋਂ ਬਤੌਰ ਸਬਸਿਡੀ ਗੰਨਾ ਕਾਸ਼ਤਕਾਰਾਂ ਦੇ ਖਾਤੇ ਵਿਚ ਟਰਾਂਸਫ਼ਰ ਕੀਤੀ ਜਾਵੇਗੀ। ਸਰਕਾਰੀ ਅਦਾਇਗੀ ਤੋਂ ਪਹਿਲਾਂ ਪ੍ਰਾਈਵੇਟ ਖੰਡ ਮਿੱਲਾਂ ਅਦਾਇਗੀ ਕਰਨਗੀਆਂ। ਪਿਛੇਤੀਆਂ ਤੇ ਦਰਮਿਆਨੀ ਕਿਸਮਾਂ ਦੇ ਗੰਨੇ ਦੇ ਭਾਅ ਵਿਚ ਵੀ ਪੰਜਾਬ ਸਰਕਾਰ ਵੱਲੋਂ 61.50 ਰੁਪਏ ਪ੍ਰਤੀ ਕੁਇੰਟਲ ਦੀ ਹਿੱਸੇਦਾਰੀ ਪਾਈ ਜਾਵੇਗੀ। ਰਾਣਾ ਸ਼ੂਗਰਜ਼ ਦੇ ਰਾਣਾਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਐਤਕੀਂ ਕਰਨਾਟਕ ਅਤੇ ਮਹਾਰਾਸ਼ਟਰ ਵਿਚ ਗੰਨੇ ਦੀ ਪੈਦਾਵਾਰ ਜ਼ਿਆਦਾ ਹੋਈ ਹੈ ਜਿਸ ਕਰਕੇ ਗੰਨੇ ਦੇ ਥੋਕ ਭਾਅ ਵਿਚ ਗਿਰਾਵਟ ਆਈ ਹੈ। ਵੇਰਵਿਆਂ ਅਨੁਸਾਰ ਐਤਕੀਂ ਗੰਨੇ ਹੇਠਲਾ ਰਕਬਾ ਕਰੀਬ ਇੱਕ ਲੱਖ ਹੈਕਟੇਅਰ ਹੈ ਜਦੋਂ ਕਿ ਪਿਛਲੇ ਵਰ੍ਹੇ 95 ਹਜ਼ਾਰ ਹੈਕਟੇਅਰ ਸੀ। ਗੰਨੇ ਦੇ ਇਸ ਸੀਜ਼ਨ ’ਚ 700 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦਾ ਅਨੁਮਾਨ ਹੈ ਜਿਸ ਤੋਂ 62 ਲੱਖ ਕੁਇੰਟਲ ਖੰਡ ਪੈਦਾ ਹੋਣ ਦੀ ਉਮੀਦ ਹੈ। ਸੂਬੇ ਵਿਚ ਇਸ ਵੇਲੇ ਛੇ ਪ੍ਰਾਈਵੇਟ ਖੰਡ ਮਿੱਲਾਂ ਹਨ ਜਦੋਂ ਕਿ 9 ਖੰਡ ਮਿੱਲਾਂ ਸਹਿਕਾਰੀ ਖੇਤਰ ਦੀਆਂ ਹਨ। ਸਹਿਕਾਰੀ ਖੰਡ ਮਿੱਲਾਂ ਦੀ ਪਿੜਾਈ ਸਮਰੱਥਾ 210 ਲੱਖ ਕੁਇੰਟਲ ਹੋ ਜਾਵੇਗੀ, ਜਦੋਂ ਕਿ 500 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦਾ ਅਨੁਮਾਨ ਹੈ।

ਦੁਆਬਾ ਖ਼ਿੱਤੇ ਦੀ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸਤਨਾਮ ਸਿੰਘ ਨੇ ਗੰਨੇ ਦੇ ਭਾਅ ’ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਮਾਲਵਾ ਖ਼ਿੱਤੇ ਵਿਚ ਬੰਦ ਹੋਈਆਂ ਗੰਨਾ ਮਿੱਲਾਂ ਨੂੰ ਮੁੜ ਚਲਾਏ ਅਤੇ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਾਏ। ਉਨ੍ਹਾਂ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਸਿਰਫ਼ 30 ਫ਼ੀਸਦੀ ਹੀ ਪਿੜਾਈ ਕੀਤੀ ਜਾਂਦੀ ਹੈ ਜਦੋਂ ਕਿ 70 ਫ਼ੀਸਦੀ ਪਿੜਾਈ ਪ੍ਰਾਈਵੇਟ ਮਿੱਲਾਂ ਕਰਦੀਆਂ ਹਨ।

ਗੰਨਾ ਉਤਪਾਦਕਾਂ ਲਈ ਤੋਹਫ਼ਾ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ‘ਐਕਸ’ ’ਤੇ ਗੰਨੇ ਦੇ ਭਾਅ ’ਚ ਵਾਧੇ ਬਾਰੇ ਸੂਚਨਾ ਸਾਂਝੀ ਕਰਦਿਆਂ ਇਸ ਨੂੰ ਗੰਨਾ ਉਤਪਾਦਕਾਂ ਲਈ ਤੋਹਫ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਧੇ ਮਗਰੋਂ ਹੁਣ ਗੰਨਾ ਉਤਪਾਦਕਾਂ ਨੂੰ ਪੂਰੇ ਮੁਲਕ ’ਚੋਂ ਸਭ ਤੋਂ ਵੱਧ ਰੇਟ ਮਿਲੇਗਾ। ਪਿਛਲੇ ਹਫ਼ਤੇ ਨਿੱਜੀ ਗੰਨਾ ਮਿੱਲਾਂ ਦੇ ਮਾਲਕਾਂ ਅਤੇ ਪ੍ਰਤੀਨਿਧਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਜ਼ਿਮਨੀ ਚੋਣਾਂ ਦੌਰਾਨ ਗੰਨਾ ਕੰਟਰੋਲ ਬੋਰਡ ਦੀ ਮੀਟਿੰਗ ਹੋਈ ਸੀ ਜਿਸ ’ਚ ਭਾਅ ਵਧਾਉਣ ਬਾਰੇ ਗੈਰ-ਰਸਮੀ ਤੌਰ ’ਤੇ ਫ਼ੈਸਲਾ ਹੋ ਗਿਆ ਸੀ।

Advertisement
×