ਹਫ਼ਤੇ ਤੱਕ ਪੀਐੱਫ ਖਾਤਿਆਂ ’ਚ ਵਿਆਜ ਜਮ੍ਹਾਂ ਕਰਨ ਦੀ ਪ੍ਰਕਿਰਿਆ ਹੋਵੇਗੀ ਪੂਰੀ
ਨਵੀਂ ਦਿੱਲੀ: ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਦੱਸਿਆ ਕਿ ਰਿਟਾਇਰਮੈਂਟ ਫੰਡ ਸੰਸਥਾ ਐਂਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐੱਫਓ) ਇਸ ਹਫ਼ਤੇ ਵਿੱਤੀ ਵਰ੍ਹੇ 2024-25 ਲਈ 8.25 ਫੀਸਦ ਵਿਆਜ ਗਾਹਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਨ ਦੀ ਪ੍ਰਕਿਰਿਆ ਪੂਰੀ ਕਰੇਗੀ। ਪ੍ਰਾਵੀਡੈਂਟ ਫੰਡ ’ਤੇ ਦੇਣਯੋਗ ਵਿਆਜ ਦਰ ਬਾਰੇ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਈਪੀਐੱਫਓ ਵੱਲੋਂ ਹਰ ਸਾਲ ਆਪਣੇ ਮੈਂਬਰਾਂ ਦੇ ਖਾਤਿਆਂ ਵਿੱਚ ਵਿਆਜ ਦੀ ਰਕਮ ਜਮ੍ਹਾਂ ਕਰਵਾਈ ਜਾਂਦੀ ਹੈ। ਮਾਂਡਵੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ 33.56 ਕਰੋੜ ਮੈਂਬਰਾਂ ਵਾਲੀਆਂ 13.88 ਲੱਖ ਸੰਸਥਾਵਾਂ ਲਈ ਸਾਲਾਨਾ ਪ੍ਰਾਵੀਡੈਂਟ ਫੰਡ (ਪੀਐੱਫ) ਖਾਤਿਆਂ ਵਿੱਚ ਅਪਡੇਟ ਕੀਤਾ ਜਾਣਾ ਸੀ। ਇਨ੍ਹਾਂ ’ਚੋਂ 8 ਜੁਲਾਈ ਤੱਕ 13.86 ਲੱਖ ਅਦਾਰਿਆਂ ਦੇ 32.39 ਕਰੋੜ ਮੈਂਬਰਾਂ ਦੇ ਖਾਤਿਆਂ ਵਿੱਚ ਵਿਆਜ ਜਮ੍ਹਾਂ ਹੋ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਲਗਪਗ 99.9 ਫੀਸਦ ਸੰਸਥਾਵਾਂ ਅਤੇ 96.51 ਫੀਸਦ ਮੈਂਬਰਾਂ ਦੇ ਪੀਐੱਫ ਖਾਤਿਆਂ ’ਚ ਵਿਆਜ ਜਮ੍ਹਾਂ ਹੋ ਗਿਆ ਹੈ। ਵਿੱਤੀ ਵਰ੍ਹੇ 2024-25 ਲਈ ਈਪੀਐੱਫ ਖਾਤੇ ਵਿੱਚ ਜਮ੍ਹਾਂ ਰਕਮ ’ਤੇ 8.25 ਫੀਸਦ ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। -ਪੀਟੀਆਈ