ਸਿੱਖੀ ਦੀ ਚੜ੍ਹਦੀਕਲਾ ਦਾ ਰਾਹ ਮਾਛੀਵਾੜਾ ਦੇ ਜੰਗਲਾਂ ’ਚੋਂ ਨਿਕਲਦੈ: ਗੜਗੱਜ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਮਈ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੁੱਜੇ ਜਿੱਥੇ ਉਨ੍ਹਾਂ ਨਤਮਸਤਕ ਹੋਣ ਮਗਰੋਂ ਪਵਿੱਤਰ ਖੂਹ ਅਤੇ ਜੰਡ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਮਾਛੀਵਾੜਾ ਸਾਹਿਬ ਬੜਾ ਮੁਕੱਦਸ ਅਸਥਾਨ ਹੈ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਨੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸ਼ਬਦ ਉਚਾਰ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸਾਹਿਬ ਦੇ ਜੰਗਲਾਂ ’ਚੋਂ ਹੀ ਸਿੱਖੀ ਦੀ ਚੜ੍ਹਦੀਕਲਾ ਦਾ ਰਾਹ ਨਿਕਲਦਾ ਹੈ ਕਿਉਂਕਿ ਇਹ ਜੰਗਲ ਹੀ ਸਾਨੂੰ ਦੱਸਦੇ ਹਨ ਕਿ ਔਖਾ ਤੋਂ ਔਖਾ ਸਮਾਂ ਹੋਵੇ ਤਾਂ ਵੀ ਰੱਬ ਦੇ ਆਸਰੇ ਸਾਰੀਆਂ ਮੁਸ਼ਕਲਾਂ ਤੋਂ ਬਾਹਰ ਨਿਕਲ ਹੋ ਜਾਂਦਾ ਹੈ। ਉਨ੍ਹਾਂ ਸਿੱਖਾਂ ਦੀ ਘਟਦੀ ਅਬਾਦੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਿੱਖ ਪਰਿਵਾਰ ਘੱਟੋ ਘੱਟ 3 ਬੱਚੇ ਪੈਦਾ ਜ਼ਰੂਰ ਕਰਨ ਅਤੇ ਬਚਪਨ ਤੋਂ ਹੀ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਉਣ, ਬਾਣੀ ਨਾਲ ਜੋੜਨ, ਨਿਤਨੇਮ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਵੱਡੇ ਹੋ ਕੇ ਪੂਰਨ ਸਿੱਖੀ ਸਰੂਪ ਵਿਚ ਸਜਣ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦਾ ਪਾਣੀ ਧੱਕੇ ਨਾਲ ਖੋਹ ਲਿਆ ਗਿਆ ਤਾਂ ਇੱਥੇ ਸੋਕੇ ਵਾਲੇ ਆਸਾਰ ਬਣ ਸਕਦੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ, ਮੈਨੇਜਰ ਜਸਵੀਰ ਸਿੰਘ ਮੰਗਲੀ, ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਕਥਾਵਾਚਕ ਇਕਨਾਮ ਸਿੰਘ, ਅਕਾਊਂਟੈਂਟ ਸੁਖਦੇਵ ਸਿੰਘ, ਖਜ਼ਾਨਚੀ ਜਸਪਿੰਦਰ ਸਿੰਘ ਮੌਜੂਦ ਸਨ।
ਜਥੇਦਾਰ ਵੱਲੋਂ ਪਵਿੱਤਰ ਧਰਤੀ ’ਤੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਨਾ ਲਗਾਉਣ ਦੀ ਅਪੀਲ
ਅੰਮ੍ਰਿਤਸਰ (ਟਨਸ): ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ ਉਹ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਲਗਵਾਉਣ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਇਹ ਧਰਤੀ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਣ ਕਰਕੇ ਪਵਿੱਤਰ ਹੈ, ਜਿੱਥੇ ਪ੍ਰਦੂਸ਼ਣ ਫੈਲਾਉਣ ਅਤੇ ਲੋਕਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾਉਣ ਵਾਲੀ ਫੈਕਟਰੀ ਲੱਗਣ ਨੂੰ ਕਦੇ ਵੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਇਤਿਹਾਸਕ ਗੁਰਦੁਆਰਾ ਬੀੜ ਜੰਡ ਸਾਹਿਬ ਤੋਂ ਸਿਰਫ਼ 600 ਮੀਟਰ ਦੀ ਦੂਰੀ ’ਤੇ ਬੁੱਢਾ ਦਰਿਆ ਅਤੇ ਸਰਹਿੰਦ ਨਹਿਰ ਵਿਚਾਲੇ 400 ਮੀਟਰ ਦੀ ਖਾਲੀ ਜ਼ਮੀਨ ਵਿੱਚ ਕਾਗਜ਼ ਬਣਾਉਣ ਵਾਲੀ ਫੈਕਟਰੀ ਲਗਾਈ ਜਾ ਰਹੀ ਹੈ, ਜਿਸ ਦਾ ਗੰਦਾ ਪਾਣੀ ਦਰਿਆ ਅਤੇ ਧਰਤੀ ਵਿੱਚ ਸੁੱਟਿਆ ਜਾਵੇਗਾ। ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਜਥੇਦਾਰ ਨੇ ਕਿਹਾ ਕਿ ਉਹ ਜਲਦ ਹੀ ਗੁਰਦੁਆਰਾ ਜੰਡ ਸਾਹਿਬ ਪੁੱਜ ਕੇ ਇਲਾਕੇ ਦੀ ਸੰਗਤ ਨਾਲ ਮੁਲਾਕਾਤ ਕਰਨਗੇ।