ਲੱਖੇਵਾਲ ਦੇ ਗੁਰਦੁਆਰੇ ’ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ
ਮੇਜਰ ਸਿੰਘ ਮੱਟਰਾਂ
ਗੁਰਦੁਆਰਾ ਚਰਨ ਛੋਹ ਸਾਹਿਬ ਪਿੰਡ ਲੱਖੇਵਾਲ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ। ਇਸ ਤੋਂ ਬਾਅਦ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਵੱਲੋਂ ਗੁਰਦੁਆਰੇ ਵਿਚ ਜਾ ਕੇ ਪੜਤਾਲ ਕੀਤੀ ਗਈ ਤੇ ਅੱਗ ਸਬੰਧੀ ਪਹਿਲਾਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਸਿੰਘਾਂ ਨੂੰ ਤਖਤ ਦਮਦਮਾ ਸਾਹਿਬ ਵਿਖੇ 21 ਜੁਲਾਈ ਨੂੰ ਤਲਬ ਕੀਤਾ ਗਿਆ ਹੈ। ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਗਈ ਹੈ। ਜਥੇਦਾਰ ਟੇਕ ਸਿੰਘ ਧਨੌਲਾ ਨੇ ਅੱਜ ਗੁਰਦੁਆਰੇ ਦੇ ਕੈਮਰਿਆਂ ਦੀ ਜਾਂਚ ਕੀਤੀ ਤੇ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਸਿੰਘਾਂ ਤੋਂ ਜਾਣਕਾਰੀ ਹਾਸਲ ਕੀਤੀ। ਇਸ ਪੜਤਾਲ ਵਿਚ ਪ੍ਰਬੰਧਕਾਂ ਦੀ ਅਣਗਹਿਲੀ ਸਾਹਮਣੇ ਆਈ ਹੈ। ਇਸ ਗੁਰਦੁਆਰੇ ’ਚ ਗੁਰੂ ਗ੍ਰੰਥ ਸਾਹਿਬ ਲੱਕੜ ਦੀ ਪਾਲਕੀ ਵਿਚ ਪ੍ਰਕਾਸ਼ ਸਨ ਤੇ ਚਾਨਣੀ ਕੋਲ ਪਲੱਗ ਤੇ ਬਿਜਲੀ ਦਾ ਬੱਲਬ ਲੱਗਿਆ ਸੀ ਜਿੱਥੇ ਸ਼ਾਰਟ ਸਰਕਟ ਹੋਇਆ। ਇਸ ਅਣਗਹਿਲੀ ਲਈ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਨੂੰ ਤਖਤ ਦਮਦਮਾ ਸਾਹਿਬ ਵਿਖੇ 21 ਜੁਲਾਈ ਨੂੰ ਤਲਬ ਕੀਤਾ ਗਿਆ ਹੈ ਜਿਸ ਉਪਰੰਤ ਪੰਜ ਪਿਆਰਿਆਂ ਅਤੇ ਜਥੇਦਾਰ ਵੱਲੋਂ ਇਸ ਅਣਗਹਿਲੀ ਲਈ ਸਜ਼ਾ ਦਿੱਤੀ ਜਾਵੇਗੀ। ਅਗਨ ਭੇਟ ਹੋ ਗਏ ਪਾਵਨ ਸਰੂਪ ਪੂਰੀ ਮਰਿਆਦਾ ਨਾਲ ਸ੍ਰੀ ਗੋਇੰਦਬਾਲ ਸਾਹਿਬ ਭੇਜੇ ਗਏ। ਇਸ ਮੌਕੇ ਜਥੇਦਾਰ ਨੇ ਆਦੇਸ਼ ਕੀਤਾ ਕਿ ਗ੍ਰੰਥੀ ਸਿੰਘ ਕੇਵਲ ਨਿੱਤਨੇਮ ਹੀ ਕਰਨਗੇ ਅਤੇ ਹਰ ਇਕ ਗੁਰਦੁਆਰੇ ’ਚ ਇਕ ਸੇਵਾਦਾਰ ਹਰ ਸਮੇਂ ਦਰਬਾਰ ਸਾਹਿਬ ਵਿਚ ਰਹੇਗਾ।