ਫਿਲਮ ‘ਹਿੰਦ ਦੀ ਚਾਦਰ’ ਰਿਲੀਜ਼ ਨਾ ਕੀਤੀ ਜਾਵੇ: ਸ਼੍ਰੋਮਣੀ ਕਮੇਟੀ
ਫਿਲਮ ਰਿਲੀਜ਼ ਕਰਨਾ ਅਕਾਲ ਤਖ਼ਤ ਦੇ ਹੁਕਮਾਂ ਦੀ ੳੁਲੰਘਣਾ: ਮੁੱਖ ਸਕੱਤਰ
ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ’ਤੇ ਬਣੀ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਕਿਹਾ ਹੈ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਇਸ ਨੂੰ ਰਿਲੀਜ਼ ਨਾ ਕੀਤਾ ਜਾਵੇ। ਇਹ ਫਿਲਮ 21 ਨਵੰਬਰ ਨੂੰ ਰਿਲੀਜ਼ ਕੀਤੀ ਜਾਣੀ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਬਵੇਜਾ ਮੂਵੀ ਪ੍ਰਾਈਵੇਟ ਲਿਮਟਿਡ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ’ਤੇ ਬਣਾਈ ਫਿਲਮ ਵਿਚ ਸਿੱਖ ਸਿਧਾਂਤ, ਇਤਿਹਾਸ ਅਤੇ ਫਿਲਮਾਂਕਣ ਦੇ ਪੱਖ ਤੋਂ ਬਹੁਤ ਸਾਰੀਆਂ ਖ਼ਾਮੀਆਂ ਹਨ, ਜਿਸ ਦੇ ਮੱਦੇਨਜ਼ਰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ’ਤੇ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਪੱਤਰ ਭੇਜ ਕੇ 21 ਨਵੰਬਰ ਨੂੰ ਇਸ ਫਿਲਮ ਨੂੰ ਰਿਲੀਜ਼ ਨਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਅਕਾਲ ਤਖ਼ਤ ਦੇ ਆਦੇਸ਼ਾਂ ਦੀ ਰੌਸ਼ਨੀ ਵਿਚ ਫਿਲਮ ਚਲਾਉਣ ਦਾ ਫੈਸਲਾ ਵਾਪਸ ਲਿਆ ਜਾਵੇ। ਫਿਲਮ ਘੋਖ ਕਮੇਟੀ ਵੱਲੋਂ ਫਿਲਮ ਨੂੰ ਵੇਖਣ ਬਾਅਦ ਰਿਪੋਰਟ ਅਕਾਲ ਤਖ਼ਤ ਨੂੰ ਭੇਜੀ ਗਈ ਸੀ, ਜਿਸ ’ਤੇ ਸਕੱਤਰੇਤ ਨੇ ਰੋਕ ਸਬੰਧੀ ਪੱਤਰ ਭੇਜਿਆ ਹੈ। ਗੁਰੂ ਸਾਹਿਬਾਨ ਨੂੰ ਕਿਸੇ ਵੀ ਤਰ੍ਹਾਂ ਕਲਪਨਾ ਜਾਂ ਐਨੀਮੇਸ਼ਨ ਰਾਹੀਂ ਦਰਸਾਉਣ ਦੀ ਮਨਾਹੀ ਹੈ ਅਤੇ ਅਜਿਹਾ ਕਰਨਾ ਸਿੱਖ ਸਿਧਾਂਤਾਂ ਤੇ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਨਾਨਿਆਂ ਦੀ ਉਲੰਘਣਾ ਹੈ, ਜਦੋਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਕਿਰਦਾਰ ਨਿਭਾਉਣ ’ਤੇ ਰੋਕ ਹੈ ਤਾਂ ਫਿਰ ਅਜਿਹੀਆਂ ਫਿਲਮਾਂ ਬਣਾਉਣ ਤੋਂ ਪਹਿਲਾਂ ਹੀ ਗਰੇਜ਼ ਕਰਨਾ ਚਾਹੀਦਾ ਹੈ। ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਵਿਵਾਦ ਵੀ ਪੈਦਾ ਕਰਦੀਆਂ ਹਨ। ਸਿੱਖ ਪੰਥ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ ਤਾਂ ਉਸ ਵੇਲੇ ਸਿੱਖ ਸਿਧਾਂਤਾਂ ਤੋਂ ਪਾਸੇ ਜਾ ਕੇ ਗੁਰੂ ਸਾਹਿਬ ਨਾਲ ਸਬੰਧਤ ਐਨੀਮੇਸ਼ਨ ਫਿਲਮ ਨੂੰ ਜਾਰੀ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪੱਤਰ
ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਵੇਜਾ ਮੂਵੀਜ਼ ਵੱਲੋਂ ਬਣਾਈ ਗਈ ਫਿਲਮ ‘ਹਿੰਦ ਦੀ ਚਾਦਰ’ ’ਤੇ ਰੋਕ ਲਾਈ ਹੈ। ਇਹ ਖੁਲਾਸਾ ਅਕਾਲ ਤਖਤ ਦੇ ਸਕੱਤਰੇਤ ਵੱਲੋਂ ਸ਼੍ੋਮਣੀ ਕਮੇਟੀ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਤੋਂ ਹੋਇਆ ਹੈ। ਇਸ ਪੱਤਰ ਵਿੱਚ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਲਿਖਿਆ ਕਿ ਜਾਣਕਾਰੀ ਮਿਲੀ ਹੈ ਕਿ ਇਸ ਫਿਲਮ ਨੂੰ 21 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕਰਨ ਬਾਰੇ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਸਬੰਧੀ ਪੋਸਟਰ ਵੀ ਜਾਰੀ ਕੀਤੇ ਗਏ ਹਨ। ਇਸ ਸਬੰਧ ਵਿੱਚ ਸ਼੍ੋਮਣੀ ਕਮੇਟੀ ਨੂੰ ਆਖਿਆ ਕਿ ਉਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਰਾਬਤਾ ਕਰਕੇ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਯਤਨ ਕਰੇ। ਜੇ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਸ ਨੂੰ ਸਿੱਖ ਭਾਵਨਾਵਾਂ ਵਿਰੋਧੀ ਮੰਨਿਆ ਜਾਵੇ ਅਤੇ ਇਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੱਤਰ ਵਿੱਚ ਧਰਮ ਪ੍ਰਚਾਰ ਕਮੇਟੀ ਦੇ 13 ਦਸੰਬਰ 2022 ਦੇ ਫੈਸਲੇ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਸਬੰਧ ਵਿੱਚ ਹਰ ਤਰ੍ਹਾਂ ਦੀ ਫਿਲਮ ਬਣਾਉਣ ’ਤੇ ਰੋਕ ਲਾਈ ਗਈ ਹੈ। ਇਸ ਵਿੱਚ ਦੋ ਮਈ 2025 ਨੂੰ ਅਕਾਲ ਤਖਤ ਵਿਖੇ ਪੰਥਕ ਸ਼ਖਸੀਅਤਾਂ ਦੀ ਹੋਈ ਮੀਟਿੰਗ ਵਿੱਚ ਕੀਤੇ ਗਏ ਫੈਸਲੇ ਦਾ ਵੀ ਹਵਾਲਾ ਦਿੱਤਾ ਗਿਆ ਹੈ।

