DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰ ਨੇ ਲੌਂਗੋਵਾਲ ਨੂੰ ਗੁੰਮਰਾਹ ਕਰਕੇ ਸਿੱਖਾਂ ਨਾਲ ਵੱਡਾ ਧੋਖਾ ਕੀਤਾ: ਹਰਪ੍ਰੀਤ ਸਿੰਘ

ਪਾਰਟੀ ਪ੍ਰਧਾਨ ਨੇ ਭਾਜਪਾ ਅਤੇ ਅਕਾਲੀ ਦਲ ਬਾਦਲ ’ਤੇ ਸੇਧੇ ਨਿਸ਼ਾਨੇ
  • fb
  • twitter
  • whatsapp
  • whatsapp
Advertisement
ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀਂ ਬਰਸੀ ਮੌਕੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਪਲੇਠੀ ਸਿਆਸੀ ਕਾਨਫਰੰਸ ’ਚ ਜੁੜੇ ਲੋਕਾਂ ਦੇ ਇਕੱਠ ਤੋਂ ਬਾਗੋਬਾਗ ਹੋਈ ਸਮੁੱਚੀ ਲੀਡਰਸ਼ਿਪ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦਾਅਵਾ ਕੀਤਾ ਕਿ ਸੁਰਜੀਤ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦਾ ਅਸਲੀ ਵਾਰਸ ਹੈ। ਇਸ ਦੀ ਸ਼ੁਰੂਆਤ ਅੱਜ ਲੌਂਗੋਵਾਲ ਦੀ ਪਵਿੱਤਰ ਧਰਤੀ ਤੋਂ ਹੋ ਚੁੱਕੀ ਹੈ।

ਸਥਾਨਕ ਅਨਾਜ ਮੰਡੀ ਵਿੱਚ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਗੁੰਮਰਾਹ ਕਰਕੇ ਸਿੱਖਾਂ ਨਾਲ ਵੱਡਾ ਧੋਖਾ ਕੀਤਾ ਗਿਆ। ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਮੰਗਾਂ ਨੂੰ ਹਾਲੇ ਤੱਕ ਵੀ ਪ੍ਰਵਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਅਕਾਲ ਤਖ਼ਤ ’ਤੇ ਸੇਵਾ ਨਿਭਾ ਰਹੇ ਸੀ ਤਾਂ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਮਿਲਣ ਆਏ ਸੀ। ਉਨ੍ਹਾਂ ਗ੍ਰਹਿ ਮੰਤਰੀ ਨੂੰ ਕਿਹਾ ਸੀ ਕਿ ਜੇ ਕਾਂਗਰਸ ਨੇ ਡੂੰਘੇ ਜ਼ਖ਼ਮ ਦਿੱਤੇ ਸੀ ਤਾਂ ਤੁਹਾਡੀ ਭਾਜਪਾ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਉਣੀ ਸੀ। ਗ੍ਰਹਿ ਮੰਤਰੀ ਦਾ ਜਵਾਬ ਸੀ ਕਿ ਮੱਲ੍ਹਮ ਮੰਗੀ ਕਿੱਥੇ ਸੀ, ਵਜ਼ੀਰੀਆਂ ਮੰਗੀਆਂ ਸੀ, ਉਹ ਅਸੀਂ ਦੇ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਡੀ ਨੂੰਹ ਅਤੇ ਸਾਡੇ ਪੁੱਤ ਨੂੰ ਮੰਤਰੀ ਬਣਾ ਦਿਓ, ਇਹੋ ਕੁੱਝ ਕੇਂਦਰ ਤੋਂ ਮੰਗਿਆ ਸੀ ਜਦੋਂ ਕਿ ਮੰਗਣੀ ਮੱਲ੍ਹਮ ਚਾਹੀਦੀ ਸੀ। ਉਨ੍ਹਾਂ ਸਿੱਖ ਕੌਮ ਅਤੇ ਦੇਸ਼-ਵਿਦੇਸ਼ ’ਚ ਬੈਠੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਲੋਕ ਅਕਾਲ ਤਖਤ ਤੋਂ ਹੋਏ ਫੈਸਲੇ ਤੋਂ ਭਗੌੜੇ ਹੋ ਗਏ, ਜੇ ਇਨ੍ਹਾਂ ਦੀ ਸਿਆਸਤ ਚੱਲ ਗਈ ਤਾਂ ਕੋਈ ਵੀ ਜਥੇਦਾਰ ਕਿਸੇ ਦਾ ਕੁੱਝ ਨਹੀਂ ਵਿਗਾੜ ਸਕੇਗਾ। ਸੰਤ ਲੌਂਗੋਵਾਲ ਦੇ ਸਿਆਸੀ ਵਾਰਸ ਤੇ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਸੰਗਤ ਦੇ ਆਏ ਹੜ੍ਹ ਨੇ ਨਿਤਾਰਾ ਕਰ ਦਿੱਤਾ ਹੈ ਕਿ ਇਹ ਅਸਲੀ ਅਕਾਲੀ ਦਲ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਸੰਗਤ ਨੇ ਫੈਸਲਾ ਕਰ ਦਿੱਤਾ ਹੈ ਕਿ ਝੂਠ ਦੀ ਦੁਕਾਨ ਬਹੁਤੀ ਦੇਰ ਨਹੀਂ ਚੱਲਦੀ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਕੁਰਸੀ ਦੀ ਲਾਲਸਾ ਤਿਆਗ ਕੇ ਇੱਕ ਮੰਚ ’ਤੇ ਇਕੱਠੇ ਹੋਣ ਦੀ ਲੋੜ ਹੈ। ਭਰਤੀ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਜਾਗੀਰ ਸਮਝ ਕੇ ਵਰਤਣ ਵਾਲਿਆਂ ਤੋਂ ਸੰਗਤ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਸੰਤ ਲੌਂਗੋਵਾਲ ਦੀ ਸੋਚ ਵਾਲਾ ਅਕਾਲੀ ਦਲ ਪ੍ਰਤੱਖ ਰੂਪ ਵਿਚ ਨਿੱਤਰ ਕੇ ਸਾਹਮਣੇ ਆ ਗਿਆ ਹੈ ਜਿਸ ’ਤੇ ਸੰਗਤ ਨੇ ਮੋਹਰ ਲਗਾ ਦਿੱਤੀ ਹੈ।

Advertisement

ਇਸ ਮੌਕੇ ਭਰਤੀ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਮੱਖਣ ਸਿੰਘ ਬਰਾੜ, ਸਾਬਕਾ ਐੱਮਪੀ ਹਰਿੰਦਰ ਸਿੰਘ ਖਾਲਸਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਪਰਮਜੀਤ ਕੌਰ ਲਾਂਡਰਾਂ, ਸਰਵਣ ਸਿੰਘ ਫਿਲੌਰ, ਪ੍ਰਕਾਸ਼ ਚੰਦ ਗਰਗ ਹਾਜ਼ਰ ਸਨ।

Advertisement
×