ਮੁੱਖ ਮੰਤਰੀ ਦੇ ਸ਼ਹਿਰ ਦੀ ਨਗਰ ਕੌਂਸਲ ਦਾ ਮਾਮਲਾ ਭਖ਼ਿਆ
ਸੰਗਰੂਰ ਨਗਰ ਕੌਂਸਲ ਦੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ ਸਬੰਧਤ 8 ਕੌਂਸਲਰਾਂ ਵੱਲੋਂ ਬੀਤੇ ਕੱਲ੍ਹ ਪਾਰਟੀ ਨੂੰ ਅਲਵਿਦਾ ਆਖਣ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਹੁਣ 2 ਆਜ਼ਾਦ ਕੌਂਸਲਰਾਂ ਨੇ ਸੱਤਾਧਾਰੀ ਧਿਰ ਨਾਲ ਸਬੰਧਤ ਕੌਂਸਲ ਪ੍ਰਧਾਨ ਨੂੰ...
ਸੰਗਰੂਰ ਨਗਰ ਕੌਂਸਲ ਦੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ ਸਬੰਧਤ 8 ਕੌਂਸਲਰਾਂ ਵੱਲੋਂ ਬੀਤੇ ਕੱਲ੍ਹ ਪਾਰਟੀ ਨੂੰ ਅਲਵਿਦਾ ਆਖਣ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਹੁਣ 2 ਆਜ਼ਾਦ ਕੌਂਸਲਰਾਂ ਨੇ ਸੱਤਾਧਾਰੀ ਧਿਰ ਨਾਲ ਸਬੰਧਤ ਕੌਂਸਲ ਪ੍ਰਧਾਨ ਨੂੰ ਬਾਹਰੋਂ ਦਿੱਤੀ ਹਮਾਇਤ ਵਾਪਸ ਲੈ ਲਈ ਹੈ। ਵਾਰਡ ਨੰਬਰ 16 ਤੋਂ ਆਜ਼ਾਦ ਕੌਂਸਲਰ ਵਿਜੈ ਕੁਮਾਰ ਲੰਕੇਸ਼ ਅਤੇ ਵਾਰਡ ਨੰਬਰ 27 ਤੋਂ ਕੌਂਸਲਰ ਜਸਵੀਰ ਕੌਰ (ਪਤਨੀ ਰਿਪੁਦਮਨ ਸਿੰਘ ਢਿੱਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ) ਨੇ ਕਿਹਾ ਕਿ ਉਨ੍ਹਾਂ ਕੌਂਸਲ ਪ੍ਰਧਾਨ ਦੀ ਚੋਣ ਮੌਕੇ ‘ਆਪ’ ਨੂੰ ਬਾਹਰੋਂ ਹਮਾਇਤ ਕੀਤੀ ਸੀ ਪਰ ਹੁਣ ਜਦੋਂ ਉਨ੍ਹਾਂ ਦੇ 8 ਹਮਾਇਤੀ ਕੌਂਸਲਰਾਂ ਨੇ ਆਪਣੀ ਪਾਰਟੀ ਨੂੰ ਅਲਵਿਦਾ ਆਖ਼ ਦਿੱਤਾ ਹੈ ਤਾਂ ਉਹ ਆਪਣੀ ਹਮਾਇਤ ਵਾਪਸ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਹ ‘ਆਪ’ ਛੱਡਣ ਵਾਲੇ 8 ਕੌਂਸਲਰਾਂ ਦੇ ਨਾਲ ਹਨ ਅਤੇ ਉਨ੍ਹਾਂ ਦੀ ਹਮਾਇਤ ਵਿਚ ਹਨ। ਜ਼ਿਕਰਯੋਗ ਹੈ ਕਿ ਬੀਤੀ 26 ਅਪਰੈਲ ਨੂੰ ਨਗਰ ਕੌਂਸਲ ਚੋਣ ਦੌਰਾਨ ‘ਆਪ’ ਕਾਬਜ਼ ਹੋ ਗਈ ਸੀ। ਕੈਬਨਿਟ ਮੰਤਰੀ ਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ। ਕਰੀਬ ਸਾਢੇ ਪੰਜ ਮਹੀਨਿਆਂ ਬਾਅਦ ਹੀ ਕੌਂਸਲ ਵਿਚ ਸੱਤਾਧਾਰੀ ਧਿਰ ਧੜੇਬੰਦੀ ਦਾ ਸ਼ਿਕਾਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 29 ਵਾਰਡਾਂ ਵਿੱਚੋਂ ‘ਆਪ’ ਦੇ 7, ਕਾਂਗਰਸ ਦੇ 9, ਭਾਜਪਾ ਦੇ 3 ਅਤੇ 10 ਆਜ਼ਾਦ ਕੌਂਸਲਰ ਜਿੱਤੇ ਸਨ। ਬਾਅਦ ਵਿਚ ਪੰਜ ਆਜ਼ਾਦ ਉਮੀਦਵਾਰ ‘ਆਪ’ ਵਿੱਚ ਸ਼ਾਮਲ ਹੋ ਗਏ ਸੀ ਅਤੇ 2 ਆਜ਼ਾਦ ਕੌਂਸਲਰਾਂ ਨੇ ਬਾਹਰੋਂ ਹਮਾਇਤ ਕਰ ਦਿੱਤੀ ਸੀ ਜਿਸ ਕਾਰਨ ‘ਆਪ’ ਨੇ ਬਹੁਮਤ ਪ੍ਰਾਪਤ ਕਰ ਲਿਆ ਸੀ।