ਨਸ਼ਿਆਂ ਖ਼ਿਲਾਫ਼ ਸਹੁੰ: ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਸਮੇਂ ਬਾਅਦ ਤੋੜੀ ਚੁੱਪ
ਨਸ਼ਿਆਂ ਦੇ ਖ਼ਾਤਮੇ ਲਈ ਗੁਟਕਾ ਸਾਹਿਬ ਫੜ੍ਹ ਕੇ ਸਹੁੰ ਚੁੱਕਣ ਅਤੇ ਮਜੀਠੀਆ ਦੇ ਹੱਕ ’ਚ ਟਵੀਟ ਦਾ ਮਾਮਲਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਸਰਗਰਮੀ ਨੇ ਸਿਆਸੀ ਹਲਕਿਆਂ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਤ ਕਰਦਿਆਂ ਕੈਪਟਨ ਨੇ ਨਸ਼ਿਆਂ ਦੇ ਖ਼ਾਤਮੇ ਲਈ ਗੁਟਕਾ ਸਾਹਿਬ ਹੱਥ ’ਚ ਫੜਕੇ ਸਹੁੰ ਚੁੱਕਣ ਅਤੇ ਬਿਕਰਮ ਸਿੰਘ ਮਜੀਠੀਆ ਦੇ ਹੱਕ ’ਚ ਸਾਂਝੀ ਕੀਤੀ ਪੋਸਟ ਮਾਮਲੇ ’ਚ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਖ਼ਿਲਾਫ਼ ਚੁੱਪ ਤੋੜੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਉਹ ਮੁੱਖ ਮੰਤਰੀ ਦੇ ਆਪਣੇ ਕਾਰਜਕਾਲ ਦੌਰਾਨ ਜਦੋਂ ਤਲਵੰਡੀ ਸਾਬੋ ਆਏ ਸਨ ਤਾਂ ਉਨ੍ਹਾਂ ਨੇ ਨਸ਼ਿਆਂ ਦੇ ਖਾਤਮੇ ਅਤੇ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਗੁਟਕਾ ਸਾਹਿਬ ਹੱਥ ’ਚ ਫੜਕੇ ਅਹਿਦ ਲਿਆ ਸੀ।
ਉਨ੍ਹਾਂ ਵਿਰੋਧੀ ਧਿਰਾਂ ਦੇ ਇਸ ਖ਼ਿਲਾਫ਼ ਪ੍ਰਚਾਰ ਨੂੰ ਸਿਆਸੀ ਬਿਆਨਬਾਜ਼ੀ ਕਰਾਰ ਦਿੰਦੇ ਦਾਅਵਾ ਕੀਤਾ ਕਿ ਉਨ੍ਹਾਂ ਕੇ ਕਾਰਜਕਾਲ ਦੌਰਾਨ ਕੁੱਝ ਹੱਦ ਤੱਕ ਸੂਬੇ ’ਚ ਨਸ਼ਿਆਂ ਨੂੰ ਠੱਲ ਵੀ ਪਈ ਸੀ ਅਤੇ ਜੇਲ੍ਹਾਂ ਤਸਕਰਾਂ ਨਾਲ ਭਰਨ ਕਾਰਨ ਆਮ ਛੋਟੇ ਅਪਰਾਧੀਆਂ ਨੂੰ ਛੱਡਣਾ ਪਿਆ ਸੀ। ਕੈਪਟਨ ਨੇ ਕਿਹਾ ਕਿ ਮਜੀਠੀਆ ਮੇਰਾ ਰਿਸ਼ਤੇਦਾਰ ਨਹੀਂ ਉਨ੍ਹਾਂ ਨੇ ਪੋਸਟ ਸਾਂਝੀ ਕਰਕੇ ਸਿਰਫ ਸੂਬਾ ਸਰਕਾਰ ਦੀ ਕਾਰਵਾਈ ਖ਼ਿਲਾਫ਼ ਸਵਾਲ ਚੁੱਕੇ ਸਨ।
ਇਸ ਮੌਕੇ ਕੈਪਟਨ ਨੇ ਕਿਸੇ ਸਿਆਸੀ ਪਾਰਟੀ ਨਾਲ ਭਾਜਪਾ ਦੇ ਗਠਜੋੜ ਬਾਰੇ ਕਿਹਾ ਕਿ ਅਜਿਹੇ ਫੈਸਲੇ ਪਾਰਟੀ ਦੀ ਕੌਮੀ ਬਾਡੀ ਲੈਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਅੱਜ ਵੱਡੀ ਗਿਣਤੀ ਲੋਕ ਭਾਜਪਾ ਨਾਲ ਜੁੜ ਰਹੇ ਹਨ ਹੋ ਸਕਦਾ ਹੈ ਸਾਨੂੰ ਗਠਜੋੜ ਦੀ ਲੋੜ ਨਾ ਪਵੇ।
ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਮੈਂ ਗੈਂਗਸਟਰ ਜੇਲ੍ਹਾਂ ’ਚ ਡੱਕ ਕੇ ਸਿੱਧੇ ਕਰ ਦਿੱਤੇ ਸਨ, ਪਰ ਹੁਣ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਆਮ ਲੋਕਾਂ ਨਾਲ ਭਾਜਪਾ ਦੇ ਵਧਦੇ ਸਬੰਧਾਂ ਤੋਂ ਡਰ ਰਹੀ ਹੈ। ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਡਾ ਹਰਜੋਤ ਕਮਲ ਸਿੰਘ ਤੇ ਹੋਰ ਆਗੂ ਵੀ ਮੌਜੂਦ ਸਨ।

