ਸੰਜੀਵ ਬੱਬੀ
ਇੱਥੋਂ ਨੇੜਲੇ ਕਸਬਾ ਬੇਲਾ ਕੋਲੋਂ ਲੰਘਦੇ ਦਰਿਆ ਸਤਲੁਜ ਵਿੱਚ ਪਿੰਡ ਦਾਊਦਪੁਰ ਦੇ ਸਾਹਮਣੇ ਪਾੜ ਪੂਰਨ ਲਈ ਬੀਤੀ ਦੇਰ ਰਾਤ ਤੋਂ ਫ਼ੌਜ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਹੈ। ਇਲਾਕੇ ਦੇ ਸੈਂਕੜੇ ਨੌਜਵਾਨਾਂ ਤੇ ਬਜ਼ੁਰਗਾਂ ਵੱਲੋਂ ਮਿੱਟੀ ਦੇ ਥੈਲਿਆਂ ਨਾਲ ਇਸ ਪਾੜ ਨੂੰ ਪੂਰਿਆ ਜਾ ਰਿਹਾ ਹੈ। ਇਸ ਕਾਰਜ ਲਈ ਵੱਡੀ ਗਿਣਤੀ ਲੋਕ ਸਵੇਰ ਢਾਈ ਵਜੇ ਤੋਂ ਹੀ ਡਟੇ ਹੋਏ ਹਨ। ਉਨ੍ਹਾਂ ਨੇ ਫ਼ੌਜ ਦੇ ਜਵਾਨ ਅਤੇ ਸਥਾਨਕ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਰਿਆ ਦੇ ਪਾਣੀ ਨੂੰ ਬੰਨ੍ਹ ਵੱਲ ਵਧਣ ਤੋਂ ਠੱਲ੍ਹ ਪਾ ਦਿੱਤੀ ਹੈ। ਸਥਿਤੀ ਕਾਬੂ ਹੇਠ ਆਉਣ ਨਾਲ ਲੋਕਾਂ ਦਾ ਡਰ ਕੁਝ ਘਟ ਗਿਆ ਹੈ। ਇਸ ਦੌਰਾਨ ਬਚਾਅ ਕਾਰਜਾਂ ਵਿੱਚ ਰੁੱਝੇ ਲੋਕਾਂ ਨੇ ਪੰਜਾਬ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਸਹਿਯੋਗ ਨਾ ਮਿਲਣ ਦੇ ਵੀ ਦੋਸ਼ ਲਗਾਏ ਗਏ ਹਨ।
ਅੱਜ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐੱਸ ਡੀ ਐੱਮ ਅਮਰੀਕ ਸਿੰਘ ਸਿੱਧੂ ਨੇ ਅਧਿਕਾਰੀਆਂ ਸਣੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਫ਼ੌਜ ਦੇ ਪੰਜ ਦਰਜਨ ਤੋਂ ਵੀ ਵੱਧ ਜਵਾਨ ਦਰਿਆ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਵਿੱਚ ਦੇਰ ਰਾਤ ਤੋਂ ਹੀ ਲੱਗੇ ਹੋਏ ਹਨ। ਫ਼ੌਜ ਦੇ ਜਵਾਨ ਆਪਣੇ ਨਾਲ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਲਈ ਲੋੜੀਂਦਾ ਸਾਮਾਨ ਵੀ ਨਾਲ ਲੈ ਕੇ ਆਏ ਹਨ। ਇਸ ਮੌਕੇ ਯੂਥ ਆਗੂ ਲਖਵੀਰ ਸਿੰਘ ਹਾਫਿਜ਼ਾਬਾਦ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਪੁਸ਼ਪਿੰਦਰ ਸਿੰਘ, ਸਰਪੰਚ ਹਰਿੰਦਰ ਸਿੰਘ ਕਾਕਾ, ਸਰਪੰਚ ਜਗਦੇਵ ਸਿੰਘ, ਦਲਵੀਰ ਸਿੰਘ ਅਟਾਰੀ, ਮੋਹਣ ਸਿੰਘ, ਲਹਿੰਬਰ ਸਿੰਘ, ਪਰਮਜੀਤ ਸਿੰਘ ਰੰਗਾਂ ਅਤੇ ਦਵਿੰਦਰ ਸਿੰਘ ਹਾਜ਼ਰ ਸਨ।