ਡੋਲੀ ਤੋਂ ਇੱਕ ਦਿਨ ਪਹਿਲਾਂ ਉੱਠੀ ਮੁਟਿਆਰ ਦੀ ਅਰਥੀ
ਦਿਲ ਦਾ ਦੌਰਾ ਪੈਣ ਕਾਰਨ ਮੌਤ; ਖੁਸ਼ੀਆਂ ਗ਼ਮ ਵਿੱਚ ਬਦਲੀਆਂ; ਦੋਵੇਂ ਪਰਿਵਾਰ ਇੱਕ ਮਹੀਨੇ ਤੋਂ ਕਰ ਰਹੇ ਸਨ ਵਿਆਹ ਦੀਆਂ ਤਿਆਰੀਆਂ
ਇਥੋਂ ਨੇੜਲੇ ਪਿੰਡ ਬਰਗਾੜੀ ਵਿੱਚ ਪਰਿਵਾਰ ਦੀਆਂ ਧੀ ਦੀ ਡੋਲੀ ਨੂੰ ਚਾਵਾਂ ਨਾਲ ਵਿਦਾ ਕਰਨ ਦੀਆਂ ਖੁਸ਼ੀਆਂ ਉਸ ਵੇਲੇ ਗ਼ਮ ਵਿੱਚ ਬਦਲ ਗਈਆਂ, ਜਦੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਮੁਟਿਆਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਡੋਲੀ ਸਮੇਂ ਪਾਏ ਜਾਣ ਵਾਲੇ ਕੱਪੜਿਆਂ ਵਿੱਚ ਤਿਆਰ ਕਰਕੇ ਧੀ ਦੀ ਅਰਥੀ ਨੂੰ ਮੋਢਾ ਦਿੱਤਾ। ਲੜਕੀ ਦੇ ਪਿੰਡ ਬਰਗਾੜੀ ਅਤੇ ਉਸ ਦੇ ਹੋਣ ਵਾਲੇ ਸਹੁਰੇ ਪਿੰੰਡ ਰਾਊਕੇ ਵਿੱਚ ਮਾਤਮ ਛਾਇਆ ਹੋਇਆ ਹੈ। ਮ੍ਰਿਤਕ ਪੂਜਾ ਦੇ ਪਿਤਾ ਨੇ ਦੱਸਿਆ ਕਿ ਧੀ ਦਾ ਰਿਸ਼ਤਾ ਪਿੰਡ ਰਾਊਕੇ ਦੇ ਲੜਕੇ ਨਾਲ ਹੋਇਆ ਸੀ, ਜੋ ਇਸ ਸਮੇਂ ਦੁਬਈ ਵਿੱਚ ਰਹਿੰਦਾ ਹੈ। ਉਹ ਹੁਣ ਵਿਆਹ ਲਈ ਪਿੰਡ ਆਇਆ ਹੋਇਆ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਰਾਤ ਨੂੰ ਲੜਕੀ ਵਾਲਿਆਂ ਵੱਲੋਂ ਜਾਗੋ ਦਾ ਪ੍ਰੋਗਰਾਮ ਘਰ ਵਿੱਚ ਰੱਖਿਆ ਹੋਇਆ ਸੀ ਅਤੇ ਦੇਰ ਰਾਤ ਤੱਕ ਲੜਕੀ ਆਪਣੇ ਰਿਸ਼ਤੇਦਾਰਾਂ ਨਾਲ ਖੁਸ਼ੀ-ਖੁਸ਼ੀ ਨੱਚ ਰਹੀ ਸੀ। ਰਾਤ ਲਗਪਗ ਦੋ ਵਜੇ ਉਸ ਦੇ ਨੱਕ ਵਿਚੋਂ ਅਚਾਨਕ ਖੂਨ ਵਗਣਾ ਸ਼ੁਰੂ ਹੋ ਗਿਆ। ਉਸ ਨੂੰ ਫੌਰੀ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਦੋਵੇਂ ਪਰਿਵਾਰ ਪੂਰੀ ਖੁਸ਼ੀ ਅਤੇ ਚਾਵਾਂ ਨਾਲ ਮਹੀਨੇ ਤੋਂ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ ਪਰ ਅਚਾਨਕ ਇਹ ਭਾਣਾ ਵਾਪਰ ਗਿਆ।

