ਖੰਨਾ ਮੰਡੀ ’ਚ ਝੋਨੇ ਦੀ ਆਮਦ ਨੇ ਤੇਜ਼ੀ ਫੜੀ
ਇਸ ਵਾਰ ਪੰਜਾਬ ਵਿਚ ਪਏ ਭਾਰੀ ਮੀਂਹ, ਹੜ੍ਹਾਂ ਨੇ ਜੋ ਤਬਾਹੀ ਮਚਾਈ ਹੈ ਉਸ ਨਾਲ ਕਿਸਾਨ ਵਰਗ ਦੇ ਨਾਲ ਨਾਲ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਭ ਦੇ ਬਾਵਜੂਦ ਏਸ਼ੀਆ ਦੀ ਸਭ ਤੋਂ...
ਇਸ ਵਾਰ ਪੰਜਾਬ ਵਿਚ ਪਏ ਭਾਰੀ ਮੀਂਹ, ਹੜ੍ਹਾਂ ਨੇ ਜੋ ਤਬਾਹੀ ਮਚਾਈ ਹੈ ਉਸ ਨਾਲ ਕਿਸਾਨ ਵਰਗ ਦੇ ਨਾਲ ਨਾਲ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਭ ਦੇ ਬਾਵਜੂਦ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਹੋ ਰਹੀ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖ਼ਰੀਦ 15 ਸਤੰਬਰ ਤੋਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਮੰਡੀ ਵਿੱਚ ਸਰਕਾਰੀ ਖ਼ਰੀਦ 23 ਸਤੰਬਰ ਤੋਂ ਹੀ ਸ਼ੁਰੂ ਹੋਈ ਹੈ।
ਇਸ ਤੋਂ ਪਹਿਲਾਂ ਬਾਸਮਤੀ ਝੋਨੇ ਦੀ ਖ਼ਰੀਦ ਸ਼ੁਰੂ ਹੋਈ ਸੀ। ਜ਼ਿਕਰਯੋਗ ਹੈ ਕਿ ਇਸ ਵਾਰ ਕਿਸਾਨਾਂ ਵੱਲੋਂ ਬਾਸਮਤੀ ਝੋਨੇ ਦੀ ਫ਼ਸਲ ਵਧੇਰੇ ਬੀਜੀ ਗਈ ਸੀ, ਜਿਸ ਦੇ ਸਿੱਟੇ ਵਜੋਂ ਮੰਡੀਆਂ ਵਿੱਚ ਬਾਸਮਤੀ ਦੀ ਫ਼ਸਲ ਜਿੱਥੇ ਵਧੇਰੇ ਪੁੱਜੀ ਉੱਥੇ ਭਾਅ ਵੀ 2700 ਰੁਪਏ ਤੋਂ 3200 ਰੁਪਏ ਪ੍ਰਤੀ ਕੁਇੰਟਲ ਲੱਗਿਆ ਹੈ।
ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਅਤੇ ਸਕੱਤਰ ਕਮਲਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਵਾਰ ਖੰਨਾ ਮੰਡੀ ਵਿੱਚ ਅੱਜ 30 ਸਤੰਬਰ ਤੱਕ 9.97.103 ਕੁਇੰਟਲ ਬਾਸਮਤੀ ਝੋਨਾ ਪੁੱਜਿਆ ਹੈ ਜਦੋਂ ਕਿ ਪਿਛਲੇ ਵਰ੍ਹੇ 3.11.161 ਕੁਇੰਟਲ ਹੀ ਫ਼ਸਲ ਆਈ ਸੀ।
ਇਸੇ ਤਰ੍ਹਾਂ ਮੰਡੀ ਵਿੱਚ ਪਰਮਲ ਕਿਸਮ ਝੋਨੇ ਦੀ ਫ਼ਸਲ ਦੀ ਆਮਦ ਨੇ ਵੀ ਤੇਜ਼ੀ ਫੜ ਲਈ ਹੈ। ਸਭ ਤੋਂ ਵਧੀਆ ਗੱਲ ਮੰਡੀ ਵਿੱਚ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਸੁੱਕਾ ਕੇ ਲਿਆਂਦੀ ਜਾ ਰਹੀ ਹੈ ਜਿਸ ਕਾਰਨ ਮੰਡੀ ਵਿਚ ਨਾਲੋਂ ਨਾਲ ਖ਼ਰੀਦ ਵੀ ਹੋ ਰਹੀ ਹੈ ਅਤੇ ਢੋਆ ਢੁਆਈ ਵੀ ਠੀਕ ਚੱਲ ਰਹੀ ਹੈ। ਇਹ ਖ਼ਰੀਦ ਸਰਕਾਰੀ ਏਜੰਸੀਆਂ ਪਨਗ੍ਰੇਨ, ਮਾਰਕਫ਼ੈਡ, ਪਨਸਪ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ।