ਅਧਿਆਪਕਾਂ ਵੱਲੋਂ ਮਨੀਸ਼ ਸਿਸੋਦੀਆ ਨੂੰ ਮੰਗ ਪੱਤਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਜੂਨ
ਇੱਥੇ 3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫ਼ੈਸਲਾ ਲਾਗੂ ਕਰ ਕੇ ਪੰਜਾਬ ਪੇਅ ਸਕੇਲ ਬਹਾਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਆਗੂ ਰਾਜੇਸ਼ਵਰ ਰਾਏ, ਗੁਰਤੇਜ ਸਿੰਘ, ਸੁਮੀਤਪਾਲ ਸਿੰਘ, ਰਾਜਨ ਸੈਣੀ, ਹਰਦੀਪ ਸਿੰਘ, ਅਮਿਤ ਕੁਮਾਰ ਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਪੇਅ ਸਕੇਲ ਲਾਗੂ ਕਰਨ ਲਈ ਪੰਜਾਬ ਸਰਕਾਰ, ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਲਾਰੇ ਲਗਾ ਕੇ ਸਮਾਂ ਲੰਘਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਨੇ ਪੰਜਾਬ ਪੇਅ ਸਕੇਲ ਲਾਗੂ ਕਰਨ ਲਈ ਵਿਭਾਗ ਨੂੰ 2 ਜੂਨ ਦਾ ਸਮਾਂ ਦਿੱਤਾ ਸੀ ਪਰ ਸਮਾਂ ਲੰਘ ਜਾਣ ਤੋਂ ਬਾਅਦ ਅਧਿਆਪਕਾਂ ਵੱਲੋਂ 10 ਜੂਨ ਨੂੰ ਲੁਧਿਆਣਾ ’ਚ ਪ੍ਰਦਰਸ਼ਨ ਕੀਤਾ ਗਿਆ ਅਤੇ 15 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਬੰਦੀ ਨਾਲ ਕੀਤੀ ਮੀਟਿੰਗ ਦੌਰਾਨ 25 ਜੂਨ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਜੋ ਫਿਰ ਲਾਰਾ ਸਾਬਤ ਹੋਇਆ। ਇਸੇ ਕਾਰਨ ਅੱਕੇ ਹੋਏ ਅਧਿਆਪਕਾਂ ਨੇ ਅੱਜ ਪਿੰਡ ਦਾਰਾਪੁਰ ਵਿੱਚ ਸਮਾਗਮ ’ਚ ਸ਼ਿਰਕਤ ਕਰਨ ਪੁੱਜੇ ਮਨੀਸ਼ ਸਿਸੋਦੀਆ ਨੂੰ ਕਾਲੀਆਂ ਝੰਡੀਆਂ ਵਿਖਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਉਨ੍ਹਾਂ ਦੀ ਮੁਲਾਕਾਤ ਮਨੀਸ਼ ਸਿਸੋਦੀਆ ਨਾਲ ਕਰਵਾ ਦਿੱਤੀ ਅਤੇ ਪੰਜਾਬ ਦੇ ‘ਆਪ’ ਇੰਚਾਰਜ ਨੇ ਦਖ਼ਲ ਦੇ ਕੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਹਾਈ ਕੋਰਟ ਦੇ ਹੁਕਮ ਲਾਗੂ ਕਰ ਕੇ ਪੰਜਾਬ ਦਾ ਛੇਵਾਂ ਪੇਅ ਸਕੇਲ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ ਵਿੱਚ ਹੋ ਰਹੇ ਆਮ ਆਦਮੀ ਪਾਰਟੀ ਦੇ ਹਰ ਪ੍ਰੋਗਰਾਮ ਦਾ ਵਿਰੋਧ ਕੀਤਾ ਜਾਵੇਗਾ।