ਅਧਿਆਪਕਾਂ ਦੀਆਂ ਬਦਲੀਆਂ ਵਿਵਾਦਾਂ ਵਿੱਚ ਘਿਰੀਆਂ
ਕਰਮਜੀਤ ਸਿੰਘ ਚਿੱਲਾ
ਸਿੱਖਿਆ ਵਿਭਾਗ ਵੱਲੋਂ ਦੋ ਦਿਨ ਪਹਿਲਾਂ ਅਧਿਆਪਕਾਂ ਦੀਆਂ ਜਾਰੀ ਕੀਤੀਆਂ ਬਦਲੀਆਂ ਦੀਆਂ ਸੂਚੀਆਂ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਵੱਡੀਆਂ ਧਾਂਦਲੀਆਂ ਦੇ ਦੋਸ਼ ਲਗਾਏ ਹਨ। ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਬਣਾਈ ਨੀਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਵਿਭਾਗ ਨੇ ਆਪਣੀ ਬਣਾਈ ਨੀਤੀ ਨੂੰ ਵੀ ਦਰਕਿਨਾਰ ਕਰ ਦਿੱਤਾ।
ਉਨ੍ਹਾਂ ਬਦਲੀਆਂ ਵਿੱਚ ਵੱਡੇ ਪੱਧਰ ’ਤੇ ਸਿਫ਼ਾਰਿਸ਼ਾਂ ਅਤੇ ਹੋਰ ਤਰੀਕਿਆਂ ਦੀ ਵਰਤੋਂ ਦਾ ਦੋਸ਼ ਵੀ ਲਗਾਇਆ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਪਿਛਲੇ ਦੋ-ਢਾਈ ਮਹੀਨੇ ਤੋ ਬਦਲੀਆਂ ਦੀ ਪ੍ਰਕਿਰਿਆ ਚਲਾਉਣ ਤੋਂ ਬਾਅਦ ਜਦ ਹੁਣ ਬਦਲੀਆਂ ਦੇ ਆਰਡਰ ਆਏ ਤਾਂ ਬਹੁਤ ਸਾਰੇ ਅਜਿਹੇ ਸਟੇਸ਼ਨ ’ਤੇ ਸਿਫਾਰਸ਼ ਨਾਲ ਬਦਲੀਆਂ ਹੋ ਗਈਆਂ ਜੋ ਸਟੇਸ਼ਨ ਸ਼ੋਅ ਹੀ ਨਹੀਂ ਸਨ ਕੀਤੇ, ਕਈ ਅਧਿਆਪਕਾਂ ਦੇ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਖਾਲੀ ਸਟੇਸ਼ਨ ’ਤੇ ਬਦਲੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਸੈੱਟ ਕਰਨ ਲਈ ਬਹੁਤ ਸਾਰੇ ਸਟੇਸ਼ਨ ਪਹਿਲਾਂ ਸਟੇਸ਼ਨ ਚੁਆਇਸ ਵੇਲੇ ਦਿਖਾਏ ਹੀ ਨਹੀਂ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ ਅਤੇ ਪ੍ਰੈਸ ਸਕੱਤਰ ਲਖਵੀਰ ਮੁਕਤਸਰ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਪੀਟੀਆਈ ਅਧਿਆਪਕਾਂ ਦੀ ਇੱਕ ਵੀ ਬਦਲੀ ਨਹੀਂ ਹੋਈ। ਆਗੂਆਂ ਨੇ ਮੰਗ ਕੀਤੀ ਕਿ ਸਿਫਾਰਸ਼ੀ ਅਤੇ ਗਲਤ ਢੰਗ ਨਾਲ ਕੀਤੀਆਂ ਬਦਲੀਆਂ ਤੁਰੰਤ ਰੱਦ ਕਰਕੇ ਲੋੜਵੰਦ ਅਤੇ ਯੋਗ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਜਾਣ, ਨਹੀਂ ਤਾਂ ਜਥੇਬੰਦੀ ਨੂੰ ਸੰਘਰਸ਼ ਕਰਨ ਲੀ ਮਜਬੂਰ ਹੋਣਾ ਪਵੇਗਾ।