ਅਧਿਆਪਕਾ ਕਤਲ: ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪੀ
ਹਰਿਆਣਾ ਸਰਕਾਰ ਨੇ ਭਿਵਾਨੀ ਵਿੱਚ 19 ਸਾਲਾ ਅਧਿਆਪਿਕਾ ਮਨੀਸ਼ਾ ਦੇ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਰ ਰਾਤ ਸੋਸ਼ਲ ਮੀਡੀਆ ’ਤੇ ਜਾਣਕਾਰੀ...
ਹਰਿਆਣਾ ਸਰਕਾਰ ਨੇ ਭਿਵਾਨੀ ਵਿੱਚ 19 ਸਾਲਾ ਅਧਿਆਪਿਕਾ ਮਨੀਸ਼ਾ ਦੇ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਰ ਰਾਤ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ ਹੈ।
ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਪਰਿਵਾਰ ਨੇ ਸਹਿਮਤੀ ਜਤਾਉਂਦੇ ਹੋਏ ਵੀਰਵਾਰ ਨੂੰ ਸਵੇਰੇ ਭਿਵਾਨੀ ਵਿੱਚ ਮਨੀਸ਼ਾ ਦਾ ਸਸਕਾਰ ਕਰਨ ਦਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਪਰਿਵਾਰਕ ਮੈਂਬਰਾਂ ਦੀ ਮੰਗ ’ਤੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਤੀਜੀ ਵਾਰ ਮਨੀਸ਼ਾ ਦਾ ਪੋਸਟਮਾਰਟਮ ਕਰਵਾਇਆ ਹੈ। ਇਹ ਪੋਸਟਮਾਰਟਮ ਡਾਕਟਰੀ ਬੋਰਡ ਦੀ ਅਗਵਾਈ ਹੇਠ ਦੋ ਘੰਟੇ ਚੱਲਿਆ ਹੈ। ਜ਼ਿਕਰਯੋਗ ਹੈ ਕਿ ਮਨੀਸ਼ਾ 11 ਅਗਸਤ ਨੂੰ ਨਰਸਿੰਗ ਕਾਲਜ ਵਿਚ ਦਾਖਲਾ ਲੈਣ ਲਈ ਘਰੋਂ ਨਿਕਲੀ ਸੀ, ਪਰ ਵਾਪਸ ਨਹੀਂ ਮੁੜੀ। 13 ਅਗਸਤ ਨੂੰ ਪਿੰਡ ਸਿੰਘਾਨੀ ਦੇ ਖੇਤਾਂ ਵਿਚ ਉਸ ਦੀ ਲਾਸ਼ ਬਰਾਮਦ ਹੋਈ। 14 ਅਗਸਤ ਨੂੰ ਪੋਸਟਮਾਰਟਮ ਰਿਪੋਰਟ ਵਿਚ ਉਸ ਦੀ ਗਲਾ ਵੱਢ ਕੇ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਹੋਈ, ਹਾਲਾਂਕਿ ਉਸ ਨਾਲ ਜਿਨਸੀ ਦੁਰਾਚਾਰ ਤੋਂ ਇਨਕਾਰ ਕੀਤਾ ਗਿਆ। ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਤੋਂ ਸੰਤੁਸ਼ਟੀ ਨਾ ਹੋਣ ’ਤੇ ਤੀਜੀ ਵਾਰ ਪੋਸਟਮਾਰਟ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਨੀਸ਼ਾ ਕਤਲ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਐੱਸਪੀ ਦੇ ਤਬਾਦਲੇ ਸਮੇਤ ਐੱਸਐੱਚਓ ਸਣੇ ਕਈ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਵੀ ਕੀਤਾ ਗਿਆ ਪਰ ਲੋਕਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਅੱਜ ਹਰਿਆਣਾ ਸਰਕਾਰ ਨੇ ਮਨੀਸ਼ਾ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਦਾ
ਫੈਸਲਾ ਕੀਤਾ ਹੈ।