ਪੁਲੀਸ ਸਖ਼ਤੀ ਤੋਂ ਤੰਗ ਅਧਿਆਪਕ ਨੇ ਨਹਿਰ ’ਚ ਮਾਰੀ ਛਾਲ
ਬੀਰਬਲ ਰਿਸ਼ੀ
ਧੂਰੀ, 29 ਜੂਨ
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ 5994 ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਅਧੀਨ ਪੈਂਦੇ ਬੱਬਨਪੁਰ ਦੇ ਪੁਲ ’ਤੇ ਜਾਮ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪੁਲੀਸ ਸਖ਼ਤੀ ਤੋਂ ਨਿਰਾਸ਼ ਹੋ ਕੇ ਨਹਿਰ ’ਚ ਛਾਲ ਮਾਰਨ ਵਾਲੇ ਅਧਿਆਪਕ ਨੂੰ ਡੀਐੱਸਪੀ ਨੇ ਬਾਹਰ ਕੱਢ ਲਿਆ।
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ 5994 ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਬਿੱਲਾ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਣਾ ਸੀ। ਇਸ ਸਬੰਧੀ ਪਹਿਲਾਂ ਅਧਿਆਪਕ ਸੰਗਰੂਰ ਵੇਰਕਾ ਮਿਲਕ ਪਲਾਂਟ ’ਤੇ ਇਕੱਠੇ ਹੋਏ ਸਨ। ਇਸ ਦੌਰਾਨ ਪੁਲੀਸ ਨੇ ਅਧਿਆਪਕਾਂ ਦੀ ਖਿੱਚ-ਧੂਹ ਕਰਕੇ ਦਰਜਨਾਂ ਅਧਿਆਪਕਾਂ ਨੂੰ ਚੁੱਕ ਲਿਆ। ਪੁਲੀਸ ਨੂੰ ਝਕਾਨੀ ਦੇ ਕੇ ਨਿਕਲੇ ਅਧਿਆਪਕਾਂ ਨੇ ਦੁਪਹਿਰ ਸਾਢੇ ਬਾਰਾਂ ਵਜੇ ਹਲਕਾ ਧੂਰੀ ਦੇ ਬੱਬਨਪੁਰ ਨਹਿਰ ਦੇ ਪੁਲ ਨੂੰ ਘੇਰ ਕੇ ਚੱਕਾ ਜਾਮ ਕਰ ਦਿੱਤਾ। ਇੱਥੇ ਪੁੱਜੀ ਪੁਲੀਸ ਨੇ ਮਹਿਲਾ ਅਧਿਆਪਕਾਂ ਸਣੇ ਸਾਰਿਆਂ ’ਤੇ ਸਖ਼ਤੀ ਦਿਖਾਈ ਅਤੇ ਧੱਕਾ ਮੁੱਕੀ ਕੀਤੀ।
ਏਐੱਸਆਈ ਸਦਰ ਧੂਰੀ ਹਰਦੀਪ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਦਰਜਨਾਂ ਅਧਿਆਪਕਾਂ ਨੂੰ ਪੁਲੀਸ ਨੇ ਵੱਖ-ਵੱਖ ਥਾਣਿਆਂ ਵਿੱਚ ਭੇਜ ਦਿੱਤਾ। ਇਸ ਦੌਰਾਨ ਪੁਲੀਸ ਦੀ ਸਖ਼ਤੀ ਤੋਂ ਤੰਗ ਆ ਕੇ ਅਧਿਆਪਕ ਜਸਵਿੰਦਰ ਸਿੰਘ ਮਾਨਸਾ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਅਧਿਆਪਕ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਕਾਫ਼ੀ ਜਦੋ-ਜਹਿਦ ਮਗਰੋਂ ਉਨ੍ਹਾਂ ਅਧਿਆਪਕ ਨੂੰ ਠੀਕ-ਠਾਕ ਬਾਹਰ ਕੱਢ ਲਿਆਂਦਾ। ਉਂਜ ਦੇਰ ਸ਼ਾਮ ਅਧਿਆਪਕਾਂ ਨੇ ਸਾਰੇ ਅਧਿਆਪਕਾਂ ਨੂੰ ਛੱਡੇ ਜਾਣ ਦੀ
ਪੁਸ਼ਟੀ ਵੀ ਕੀਤੀ ਹੈ।