Tarntaran: ਪੱਟੀ ਤਹਿਸੀਲ ’ਚ ਸਰਹੱਦੀ ਖੇਤਰ ਦੇ ਅਨੇਕਾਂ ਪਿੰਡਾਂ ਵਿੱਚ ਹੜ੍ਹ ਦੀ ਮਾਰ
ਪੱਟੀ ਤਹਿਸੀਲ ਦੇ ਸਰਹੱਦੀ ਖੇਤਰ ਅੰਦਰ ਇਕ ਰੋਹੀ ਦੇ ਪਾਣੀ ਨੂੰ ਸੀਤੋ-ਮਹਿ-ਝੁੱਗੀਆਂ ਪਿੰਡ ਨੇੜੇ ਸਤਲੁਜ ਦਰਿਆ ਦੇ ਪਾਣੀ ਦੀ ਡਾਫ਼ (ਰੋਕ) ਲੱਗਣ ਕਰਕੇ ਰੋਹੀ ਦੇ ਪਾਣੀ ਨੇ ਇਲਾਕੇ ਅੰਦਰ 30 ਦੇ ਕਰੀਬ ਪਿੰਡਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੈ ਇਸ ਨਾਲ ਚਾਰ ਚੁਫਾਰਿਓਂ ਭਾਰੀ ਤਬਾਹੀ ਦੀਆਂ ਖਬਰਾਂ ਮਿਲ ਰਹੀਆਂ ਹਨ। ਅਨੇਕਾਂ ਪਰਿਵਾਰ ਪਾਣੀ ਅੰਦਰ ਘਿਰ ਗਏ ਹਨ। ਉੱਧਰ ਡਿਪਟੀ ਕਮਿਸ਼ਨਰ ਰਾਹੁਲ ਨੇ ਇਸ ਵਰਤਾਰੇ ਨੂੰ ਮੰਨਦਿਆਂ ਕਿਹਾ ਕਿ ਵਧੇਰੇ ਬਾਰਸ਼ ਹੋਣ ਕਰਕੇ ਜਿਲ੍ਹੇ ਦੀਆਂ ਡਰੇਨਾਂ ਉੱਤੋ ਦੀ ਵਗ ਰਹੀਆਂ ਹਨ। ਅਧਿਕਾਰੀ ਨੇ ਕਿਹਾ ਪ੍ਰਸ਼ਾਸ਼ਨ ਇਸ ਸਥਿਤੀ ਤੇ ਪੂਰੀ ਤਰ੍ਹਾਂ ਨਾਲ ਨਿਗਾਹ ਰੱਖ ਰਿਹਾ ਹੈ। ਮੌਜੂਦਾ ਹਾਲਾਤ ਕਾਰਨ ਇਸ ਖੇਤਰ ਅੰਦਰ ਭਉਵਾਲ ਦੇ ਪੁਲ ਤੋਂ ਕੋਟਬੁੱਢਾ-ਫਿਰੋਜ਼ਪੁਰ ਦੀ ਆਵਾਜਾਈ ਬੰਦ ਹੋ ਗਈ ਹੈ। ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਦੱਸਿਆ ਕਿ ਰੋਹੀ ਦੇ ਪਾਣੀ ਨੂੰ ਦਰਿਆ ਦੇ ਪਾਣੀ ਦੀ ਡਾਫ਼ ਲੱਗਣ ਕਰਕੇ ਇਲਾਕੇ ਦੇ ਹੋਰਨਾਂ ਪਿੰਡਾਂ ਤੋਂ ਇਲਾਵਾ ਗਦਾਈਕੇ, ਸਭਰਾ, ਮੁੱਠਿਆਂਵਾਲਾ ਆਦਿ 30 ਦੇ ਕਰੀਬ ਪਿੰਡਾਂ ਦੀ ਹਜ਼ਾਰਾਂ ਏਕੜ ਫਸਲਾਂ ਨੂੰ ਆਪਣੀ ਮਾਰ ਹੇਠ ਲੈ ਲਿਆ ਹੈ। ਇਸ ਖੇਤਰ ਅੰਦਰ ਕਿਸਾਨਾਂ ਦੀ ਬਾਂਹ ਫੜ੍ਹ ਰਹੇ ਕਾਰ ਸੇਵਾ ਸੰਪਰਦਾ ਸਰਹਾਲੀ ਦੇ ਮੁੱਖੀ ਬਾਬਾ ਸੁੱਖਾ ਸਿੰਘ ਦੇ ਸੇਵਾਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਅਚਾਨਕ ਪਾਣੀ ਦੇ ਆ ਜਾਣ ਕਰਕੇ ਖੇਤਾਂ ਵਿੱਚ ਘਿਰ ਗਏ ਪਰਿਵਾਰਾਂ ਨੂੰ ਬੇੜੀਆਂ ਰਾਹੀਂ ਬਾਹਰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ।