ਗੁਰਬਖ਼ਸ਼ਪੁਰੀ
ਤਰਨ ਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ ਬਾਈਪਾਸ ਦੀ ਬਾਬਾ ਬਿੱਧੀ ਚੰਦ ਕਲੋਨੀ ਦਾ ਵਾਸੀ ਸ਼ਮਿੰਦਰ ਸਿੰਘ ਆਪਣੇ ਲੜਕੇ ਨੂੰ ਅਮਰੀਕਾ ਭੇਜਦਿਆਂ ਜਿਥੇ 42 ਲੱਖ ਰੁਪਏ ਗੁਆ ਬੈਠਾ ਉਥੇ ਹੀ ਉਹ ਇਕ ਸਾਲ ਤੋਂ ਆਪਣੇ ਲੜਕੇ ਨਾਲ ਰਾਬਤੇ ਨੂੰ ਵੀ ਤਰਸ ਰਿਹਾ ਹੈ, ਜੋ ਹੁਣ ਡੰਕਰਾਂ ਦੇ ਕਬਜ਼ੇ ’ਚ ਹੈ। ਜਾਣਕਾਰੀ ਮੁਤਾਬਕ ਸ਼ਮਿੰਦਰ ਸਿੰਘ ਨੇ ਆਪਣੇ ਲੜਕੇ ਜਗਜੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਦੋ ਸਾਲ ਪਹਿਲਾਂ ਸ਼ਕਤੀ ਨਗਰ, ਜਲੰਧਰ ਟਰੈਵਲ ਏਜੰਟ ਮਨਦੀਪ ਸਿੰਘ ਤੇ ਉਸ ਦੇ ਸਾਥੀ ਰਮਨਦੀਪ ਸਿੰਘ ਉਰਫ਼ ਰੌਕੀ ਆਸਾ ਰਾਮ ਵਾਸੀ ਸਫ਼ੀਦੋਂ ਜ਼ਿਲ੍ਹਾ ਜੀਂਦ (ਹਰਿਆਣਾ) ਨਾਲ ਸੰਪਰਕ ਕੀਤਾ, ਜਿਨ੍ਹਾਂ ਨੂੰ ਉਸ ਨੇ 14 ਲੱਖ ਰੁਪਏ ਪਹਿਲਾਂ ਦਿੱਤੇ ਤੇ ਬਾਕੀ ਦੀ ਰਕਮ ਯੂ ਪੀ ਆਈ ਰਾਹੀਂ ਖਾਤਿਆਂ ’ਚ ਪਾਈ। ਲੰਘੇ ਸਾਲ ਅਗਸਤ ਵਿੱਚ ਮੁਲਜ਼ਮਾਂ ਨੇ ਜਗਜੀਤ ਸਿੰਘ ਨੂੰ ਸਿੱਧੇ ਅਮਰੀਕਾ ਭੇਜਣ ਦੀ ਥਾਂ ਤੇ ਮੈਕਸੀਕੋ ਭੇਜ ਦਿੱਤਾ ਜਿਥੇ ਉਹ ਹੁਣ ਤੱਕ ਡੰਕਰਾਂ ਦੇ ਕਬਜ਼ੇ ਵਿੱਚ ਹੈ| ਲੰਘੇ ਇਕ ਸਾਲ ਤੋਂ ਪਰਿਵਾਰ ਦਾ ਜਗਜੀਤ ਸਿੰਘ ਸੰਪਰਕ ਨਹੀਂ ਹੋ ਰਿਹਾ| ਸ਼ਮਿੰਦਰ ਸਿੰਘ ਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਲੜਕੇ ਨੂੰ ਡੰਕਰਾਂ ਦੇ ਕਬਜ਼ੇ ’ਚੋਂ ਛੁਡਾਉਣ ਲਈ ਟਰੈਵਲ ਏਜੰਟ ਮਨਦੀਪ ਸਿੰਘ ਅਤੇ ਉਸ ਦੇ ਸਹਾਇਕ ਰਮਨਦੀਪ ਰੋਕੀ ਨੂੰ ਆਖ-ਆਖ ਕੇ ਹਾਰ ਗਏ ਹਨ| ਪੁਲੀਸ ’ਚੋਂ ਸੇਵਾਮੁਕਤ ਹੋਣ ਦੇ ਬਾਵਜੂਦ ਸ਼ਮਿੰਦਰ ਸਿੰਘ ਨੂੰ ਕੇਸ ਦਰਜ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ ਹੈ| ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਬੀ ਐਨ ਐੱਸ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ-2014 ਤਹਿਤ ਕੇਸ ਦਰਜ ਕੀਤਾ ਹੈ।

