ਤਰਨ ਤਾਰਨ: ‘ਆਪ’ ਤੇ ਭਾਜਪਾ ਉਮੀਦਵਾਰਾਂ ਨੇ ਕਾਗਜ਼ ਭਰੇ
‘ਆਪ’ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ
ਤਰਨ ਤਾਰਨ ਜ਼ਿਮਨੀ ਚੋਣ ਲਈ ਅੱਜ ਇੱਥੇ ‘ਆਪ’ ਅਤੇ ਭਾਜਪਾ ਸਮੇਤ ਚਾਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਿਸ ਨਾਲ ਹੁਣ ਤੱਕ ਕਾਗਜ਼ ਭਰਨ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ। ਰਿਟਰਨਿੰਗ ਅਧਿਕਾਰੀ-ਕਮ-ਐੱਸ ਡੀ ਐੱਮ ਗੁਰਮੀਤ ਸਿੰਘ ਕੋਲ ਅੱਜ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਰਾਜੇਸ਼ ਵਾਲੀਆ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ। ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ‘ਸੱਚੋ ਸੱਚ ਪਾਰਟੀ’ ਦੇ ਸ਼ਾਮ ਲਾਲ ਗਾਂਧੀ ਨੇ ਵੀ ਨਾਮਜ਼ਦਗੀਆਂ ਦਾਖਲ ਕੀਤੀਆਂ। ਇਸ ਦੌਰਾਨ ‘ਆਪ’ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰੋਡ ਸ਼ੋਅ ਵੀ ਕੀਤਾ।
ਅਸੀਂ ਧਰਮ ਦੇ ਨਾਂ ’ਤੇ ਵੋਟਾਂ ਨਹੀਂ ਮੰਗਦੇ: ਮਾਨ
ਤਰਨ ਤਾਰਨ: ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਦੌਰਾਨ ਕਿਹਾ, ‘ਅਸੀਂ ਕਦੇ ਵੀ ਧਰਮ, ਨਫ਼ਰਤ ਅਤੇ ਸਮਾਜ ਨੂੰ ਵੰਡਣ ਦੇ ਨਾਂ ’ਤੇ ਵੋਟਾਂ ਨਹੀਂ ਮੰਗਦੇ। ਅਸੀਂ ਚੰਗੇ ਸਕੂਲ ਅਤੇ ਹਸਪਤਾਲ ਬਣਾਉਣ ਦੀ ਗੱਲ ਕਰਦੇ ਹਾਂ।’ ਪਿਛਲੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਮਾਨ ਨੇ ਉਨ੍ਹਾਂ ’ਤੇ ਸੂਬੇ ਨੂੰ ਲੁੱਟਣ ਦਾ ਦੋਸ਼ ਲਾਇਆ। -ਪੀਟੀਆਈ