ਗਗਨਦੀਪ ਅਰੋੜਾ
ਪਹਾੜਾਂ ਅਤੇ ਮੈਦਾਨਾਂ ਵਿੱਚ ਲਗਾਤਾਰ ਪੈ ਰਿਹਾ ਮੀਂਹ ਹੁਣ ਆਫ਼ਤ ਬਣਦਾ ਜਾ ਰਿਹਾ ਹੈ। ਪੰਜਾਬ ਦੇ ਕਈ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਹੜ੍ਹਾਂ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਜੇ ਸਤਲੁਜ ਦਰਿਆ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਮੰਗਲਵਾਰ ਸਵੇਰੇ ਪਾਣੀ ਦਾ ਪੱਧਰ ਇੰਨਾ ਵਧ ਗਿਆ ਕਿ ਸਤਲੁਜ ਦਰਿਆ ਕੰਢੇ ਬਣਾਇਆ ਸ਼ਨੀਗਾਓਂ ਪਾਣੀ ਵਿੱਚ ਡੁੱਬ ਗਿਆ। ਇਸ ਤੋਂ ਇਲਾਵਾ ਪਾਣੀ ਨੇੜਲੇ ਕਈ ਪਿੰਡਾਂ ਵਿੱਚ ਦਾਖਲ ਹੋ ਗਿਆ। ਕਈ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਪਾਣੀ ਕੰਢੇ ਵਸੇ ਲੋਕਾਂ ਦੇ ਘਰਾਂ ਵਿੱਚ ਵੀ ਦਾਖਲ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਬਾਹਰ ਸੜਕ ’ਤੇ ਬੈਠਣਾ ਪੈ ਰਿਹਾ ਹੈ। ਪਿੰਡ ਵਾਸੀ ਆਪਣੇ ਪਸ਼ੂਆਂ ਅਤੇ ਜ਼ਰੂਰੀ ਘਰੇਲੂ ਸਮਾਨ ਨਾਲ ਸੜਕਾਂ ’ਤੇ ਆ ਗਏ ਹਨ। ਮੰਗਲਵਾਰ ਸਵੇਰੇ ਸਤਲੁਜ ਵਿੱਚ ਪਾਣੀ ਦਾ ਪੱਧਰ ਚਿਤਾਵਨੀ ਦੇ ਪੱਧਰ ਨੂੰ ਪਾਰ ਕਰ ਗਿਆ ਸੀ ਅਤੇ ਖ਼ਤਰੇ ਦੇ ਨਿਸ਼ਾਨ ਨੇੜੇ ਸੀ। ਜਿਸ ਕਾਰਨ ਪ੍ਰਸ਼ਾਸਨ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਆਪਣੀ ਟੀਮ ਸਮੇਤ ਇਸ ’ਤੇ ਨਜ਼ਰ ਰੱਖ ਰਹੇ ਹਨ। ਚੇਤਾਵਨੀ ਤੋਂ ਬਾਅਦ, ਪ੍ਰਸ਼ਾਸਨ ਅਲਰਟ ’ਤੇ ਹੈ ਅਤੇ ਹੁਣ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆ ਕੰਢੇ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।
ਪਾਬੰਦੀ ਦੇ ਬਾਵਜੂਦ ਗਣਪਤੀ ਵਿਸਰਜਨ ਲਈ ਸਤਲੁਜ ਕੰਢੇ ਪੁੱਜੇ ਲੋਕ
ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਗਣਪਤੀ ਵਿਸਰਜਨ ਲਈ ਸਤਲੁਜ ਦੀ ਬਜਾਏ ਕਿਸੇ ਹੋਰ ਥਾਂ ਜਾਣ ਦੀ ਅਪੀਲ ਕੀਤੀ ਸੀ। ਹਾਲਾਂਕਿ ਪੁਲੀਸ ਟੀਮ ਵੀ ਉੱਥੇ ਮੌਜੂਦ ਹੈ ਪਰ ਇਸ ਦੇ ਬਾਵਜੂਦ ਲੋਕ ਗਣਪਤੀ ਵਿਸਰਜਨ ਲਈ ਸਤਲੁਜ ਦਰਿਆ ’ਤੇ ਪਹੁੰਚ ਰਹੇ ਹਨ। ਉੱਥੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ ਵਿੱਚ ਵਿਸਰਜਨ ਕੀਤਾ ਜਾ ਰਿਹਾ ਹੈ। ਲੋਕ ਖੁਦ ਪਾਣੀ ਦੇ ਨੇੜੇ ਜਾ ਰਹੇ ਹਨ ਅਤੇ ਪੁਲੀਸ ਟੀਮਾਂ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਹਨ।