ਸਤਲੁਜ ਸ਼ਾਂਤ! ਲੋਕ ਮਨਾਂ ’ਤੇ ਉੱਕਰੇ ਦਰਦ ਦੇ ਨਿਸ਼ਾਨ
ਭਿਆਨਕ ਤਬਾਹੀ ਮਚਾਉਣ ਮਗਰੋਂ ਸ਼ਾਂਤ ਹੋਏ ਸਤਲੁਜ ਦਰਿਆ ਨੇ ਲੋਕ ਮਨਾਂ ’ਤੇ ਅਜਿਹੇ ਨਿਸ਼ਾਨ ਉੱਕਰੇ ਹਨ, ਜਿਨ੍ਹਾਂ ਨੂੰ ਭਰਨ ਵਿੱਚ ਕਾਫ਼ੀ ਸਮਾਂ ਲੱਗੇਗਾ। ਸਤਲੁਜ ਨੇ ਲਗਪਗ 15 ਦਿਨ ਆਪਣੇ ਕੰਢੇ ਵੱਸਦੇ ਲੋਕਾਂ ’ਤੇ ਕਹਿਰ ਢਾਹੀ ਰੱਖਿਆ। ਦਰਿਆਵਾਂ ਵਿਚ ਹੜ੍ਹਾਂ ਦਾ ਆਉਣਾ ਕੋਈ ਨਵੀਂ ਗੱਲ ਨਹੀਂ। ਕਹਿੰਦੇ ਨੇ ਦਰਿਆ ਆਪਣੇ ਰਾਹ ਆਪ ਬਣਾਉਂਦੇ ਹਨ ਜਿਸ ਕਾਰਨ ਇਸ ਕੰਢੇ ਵਸੇ ਲੋਕ ਸਾਲ ਦੋ ਸਾਲਾਂ ਮਗਰੋਂ ਉਜਾੜੇ ਦਾ ਸੰਤਾਪ ਭੋਗਦੇ ਹਨ। ਲੋਕਾਂ ਨੇ ਸਤਲੁਜ ਦੀ ਬੇਅਬਾਦ ਜ਼ਮੀਨ ਨੂੰ ਸਖ਼ਤ ਮਿਹਨਤ ਕਰਕੇ ਉਪਜਾਊ ਤਾਂ ਬਣਾ ਲਿਆ ਪਰ ਦਰਿਆ ਉਨ੍ਹਾਂ ਦੇ ਖੁਸ਼ਹਾਲ ਜ਼ਿੰਦਗੀ ਜਿਊਣ ਦੇ ਸੁਪਨਿਆਂ ’ਤੇ ਪਾਣੀ ਫੇਰਦਾ ਰਿਹਾ।
ਸਾਲ 2023 ਮਗਰੋਂ ਸਤਲੁਜ ਹੁਣ ਮੁੜ ਚੜ੍ਹ ਕੇ ਆਇਆ ਹੈ। ਦੋ ਹਫ਼ਤਿਆਂ ਤੱਕ ਤਬਾਹੀ ਮਚਾਉਣ ਮਗਰੋਂ ਜਦੋਂ ਉਸ ਦਾ ਪਾਣੀ ਉਤਰਿਆ ਤਾਂ ਜਰਖੇਜ਼ ਜ਼ਮੀਨਾਂ ’ਤੇ ਗਾਰ ਦੇ ਟਿੱਬੇ ਛੱਡ ਗਿਆ। ਹੜ੍ਹ ਆਉਣ ਤੋਂ ਪਹਿਲਾਂ ਲਹਿਰਾਉਂਦੇ ਰਹੇ ਖੇਤਾਂ ਵਿੱਚ ਇਸ ਸਮੇਂ ਪੰਜ-ਪੰਜ ਫੁੱਟ ਤੱਕ ਗਾਰ ਭਰੀ ਹੋਈ ਹੈ। ਇਨ੍ਹਾਂ ਖੇਤਾਂ ਦੀ ਹਾਲਤ ਹੁਣ ਮਾਰੂਥਲ ਤੋਂ ਘੱਟ ਨਹੀਂ ਜਾਪ ਰਹੀ। ਸਤਲੁਜ ਦਾ ਪਾਣੀ ਉਤਰ ਚੁੱਕਾ ਹੈ ਪਰ ਖੇਤਾਂ ਦੀ ਨਿਸ਼ਾਨਦੇਹੀ ਮਿਟ ਗਈ ਹੈ। ਕਿਸਾਨਾਂ ਦੇ ਪੱਲੇ ਗਾਰ ਰਹਿ ਗਈ ਹੈ। ਆਪਣੀਆਂ ਫਸਲਾਂ, ਮਾਲ ਡੰਗਰ ਅਤੇ ਘਰ-ਬਾਰ ਗੁਆ ਕੇ ਲੋਕ ਹੁਣ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਨ੍ਹਾਂ ਲੋਕਾਂ ਲਈ ਢਿੱਡ ਦੀ ਅੱਗ ਬੁਝਾਉਣ ਲਈ ਰਾਸ਼ਨ ਦੀਆਂ ਕਿੱਟਾਂ ਅਤੇ ਪਹਿਨਣ ਲਈ ਕੱਪੜੇ ਕਾਫੀ ਨਹੀਂ ਹਨ। ਲੋੜ ਚੜ੍ਹ ਕੇ ਆਉਂਦੇ ਸਤਲੁਜ ਨੂੰ ਪੱਕਾ ਬੰਨ੍ਹ ਮਾਰਨ ਦੀ ਹੈ। ਪੰਜਾਬ ਦੇ ਇਸ ਖਿੱਤੇ ਦੇ ਲੋਕ ਵੀ ਅਮਨ ਤੇ ਖੁਸ਼ਹਾਲੀ ਦੀ ਜ਼ਿੰਦਗੀ ਲੋਚਦੇ ਹਨ ਜਿਹੜਾ ਇਨ੍ਹਾਂ ਦਾ ਸਮਾਜਿਕ ਅਤੇ ਸੰਵਿਧਾਨਕ ਹੱਕ ਵੀ ਹੈ।