DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਤਲੁਜ ਦੀ ਮਾਰ: ਸਰਹੱਦੀ ਪਿੰਡਾਂ ’ਚ ਹੜ੍ਹ ਨੇ ਮੁੜ ਤਬਾਹੀ ਮਚਾਈ

ਪਿੰਡ ਰਾਮ ਸਿੰਘ ਭੈਣੀ ਅਤੇ ਆਸ-ਪਾਸ ਦੀ 400 ਏਕੜ ਫਸਲ ਬਰਬਾਦ; ਕਈਆਂ ਨੇ ਦੁਬਾਰਾ ਲਾਇਆ ਸੀ ਝੋਨਾ
  • fb
  • twitter
  • whatsapp
  • whatsapp
featured-img featured-img
ਫਾਜ਼ਿਲਕਾ ਦੇ ਇੱਕ ਪਿੰਡ ਦੇ ਖੇਤਾਂ ਵਿੱਚ ਭਰਿਆ ਹੋਇਆ ਹੜ੍ਹ ਦਾ ਪਾਣੀ।
Advertisement

ਪਰਮਜੀਤ ਸਿੰਘ

ਫ਼ਾਜ਼ਿਲਕਾ, 26 ਜੁਲਾਈ

Advertisement

ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਵਗਦੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਵਿੱਚ ਮੁੜ ਹੜ੍ਹ ਆਉਣ ਕਾਰਨ ਕਈ ਕਿਸਾਨਾਂ ਦੀ ਸੈਂਕੜੇ ਏਕੜ ਬੀਜੀ ਫ਼ਸਲ ਤਬਾਹ ਹੋ ਗਈ ਹੈ। ਕੁਝ ਕਿਸਾਨਾਂ ਨੇ ਦੁਬਾਰਾ ਝੋਨਾ ਲਾਇਆ ਸੀ ਜੋ ਇੱਕ ਵਾਰ ਫਿਰ ਹੜ੍ਹਾਂ ਕਾਰਨ ਬਰਬਾਦ ਹੋ ਗਿਆ ਹੈ। ਸਤਲੁਜ ਦੀ ਮਾਰ ਕਾਰਨ ਕਿਸਾਨਾਂ ਨੂੰ ਦੂਜੀ ਵਾਰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਸੇ ਤਰ੍ਹਾਂ ਸਤਲੁਜ ਦਰਿਆ ਨੇੜਲੇ ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਕਿਸਾਨ ਵੀ ਦੂਜੀ ਵਾਰ ਝੋਨੇ ਦੀ ਫ਼ਸਲ ਤਬਾਹ ਹੋਣ ਕਾਰਨ ਨਿਰਾਸ਼ ਹਨ। ਕਿਸਾਨ ਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 11 ਏਕੜ ਰਕਬੇ ਵਿੱਚ ਝੋਨੇ ਦੀ ਲਵਾਈ ਕੀਤੀ ਸੀ ਪਰ ਹੜ੍ਹ ਕਾਰਨ ਉਸ ਦੀ ਫਸਲ ਬਰਬਾਦ ਹੋ ਗਈ। ਉਸ ਨੇ ਇਕ ਵਾਰ ਫਿਰ ਝੋਨਾ ਬੀਜਿਆ ਸੀ ਤੇ ਦੂਜੀ ਵਾਰ ਵੀ ਹੜ੍ਹਾਂ ਨੇ ਉਸ ਦੀ ਫ਼ਸਲ ਤਬਾਹ ਕਰ ਦਿੱਤੀ। ਇਸੇ ਪਿੰਡ ਦੇ ਓਮ ਸਿੰਘ ਨੇ ਦੱਸਿਆ ਕਿ ਉਸ ਨੇ 15 ਏਕੜ ਜ਼ਮੀਨ ਵਿੱਚ ਦੋ ਵਾਰ ਝੋਨਾ ਬੀਜਿਆ ਸੀ ਪਰ ਹੜ੍ਹਾਂ ਦੇ ਪਾਣੀ ਨੇ ਦੋਵੇਂ ਵਾਰ ਉਸ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ।

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਝੋਨੇ ਦੀ ਲੁਆਈ ਲਈ ਦੋਵੇਂ ਵਾਰ 4000-4000 ਰੁਪਏ ਪ੍ਰਤੀ ਏਕੜ ਮਜ਼ਦੂਰੀ ਦਿੱਤੀ ਹੈ। ਇਸ ਤੋਂ ਇਲਾਵਾ ਟਰੈਕਟਰਾਂ ਅਤੇ ਖਾਦਾਂ ਆਦਿ ’ਤੇ ਵੀ ਕਾਫੀ ਖਰਚ ਕੀਤਾ ਗਿਆ ਹੈ। ਇਸ ਤਰ੍ਹਾਂ ਉਸ ਦਾ ਪ੍ਰਤੀ ਏਕੜ 25-30 ਹਜ਼ਾਰ ਰੁਪਏ ਖਰਚ ਆਇਆ ਹੈ। ਉਨ੍ਹਾਂ ਨੇ ਆਪਣੀ ਫ਼ਸਲ ਦੇ ਪਾਲਣ-ਪੋਸ਼ਣ ’ਤੇ ਵੀ ਕਾਫੀ ਮਿਹਨਤ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪ੍ਰਤੀ ਏਕੜ 70-80 ਹਜ਼ਾਰ ਰੁਪਏ ਦਾ ਝੋਨਾ ਹੋਣ ਦੀ ਆਸ ਸੀ ਪਰ ਦੂਜੀ ਵਾਰ ਆਏ ਹੜ੍ਹ ਨੇ ਉਨ੍ਹਾਂ ਦੀਆਂ ਸਾਰੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

ਪੰਜਾਬ ਵਿੱਚ ਹੜ੍ਹਾਂ ਕਾਰਨ 42 ਮੌਤਾਂ, 19 ਜ਼ਖ਼ਮੀ

ਚੰਡੀਗੜ੍ਹ (ਟ੍ਰਬਿਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਹੜ੍ਹਾਂ ਕਾਰਨ 19 ਜ਼ਿਲ੍ਹਿਆਂ ਦੇ 1472 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਇਸ ਦੌਰਾਨ 42 ਵਿਅਕਤੀਆਂ ਦੀ ਮੌਤ ਹੋ ਗਈ ਤੇ 19 ਜ਼ਖ਼ਮੀ ਹੋਏ ਹਨ। ਪ੍ਰਾਪਤ ਜਾਣਕਾਰੀ ਹੜ੍ਹਾਂ ਕਾਰਨ ਮਰਨ ਵਾਲਿਆਂ ’ਚੋਂ ਰੂਪਨਗਰ ਦੇ ਤਿੰਨ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਦੋ-ਦੋ, ਮੁਹਾਲੀ ਦੇ ਅੱਠ, ਫਰਦੀਕੋਟ ਤੇ ਜਲੰਧਰ ਦੇ ਤਿੰਨ-ਤਿੰਨ, ਪਟਿਆਲਾ ਦੇ 10, ਸੰਗਰੂਰ ਦੇ ਚਾਰ, ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਬਠਿੰਡਾ ਤੇ ਲੁਧਿਆਣਾ ਦੇ ਇਕ-ਇਕ ਵਿਅਕਤੀ ਸ਼ਾਮਲ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸੂਬੇ ’ਚ 377 ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਦੂਜੇ ਪਾਸੇ ਸਰਕਾਰ ਵੱਲੋਂ ਵਿੱਢੇ ਰਾਹਤ ਕਾਰਜਾਂ ਤਹਿਤ 27,286 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਸੂਬੇ ਵਿਚ ਕੁੱਲ 159 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿਚ 1478 ਲੋਕ ਰਹਿ ਰਹੇ ਹਨ। ਸਿਹਤ ਵਿਭਾਗ ਵੱਲੋਂ 194 ਮੈਡੀਕਲ ਕੈਂਪ ਲਾਏ ਗਏ ਹਨ ਤੇ 425 ਰੈਪਿਡ ਰਿਸਪੌਂਸ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਾਰਜਸ਼ੀਲ ਹਨ।

ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਡਟੀਆਂ ਜਥੇਬੰਦੀਆਂ

ਚੰਡੀਗੜ੍ਹ (ਟ੍ਰਬਿਿਊਨ ਨਿਊਜ਼ ਸਰਵਿਸ): ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕੁੱਲ ਹਿੰਦ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਮਾਨਸਾ) ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਮੰਗੀ ਹੈ। ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਝੋਨੇ ਦੀ ਖਰਾਬ ਹੋਈ ਫਸਲ ਲਈ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ, ਤਬਾਹ ਹੋਏ ਘਰ ਲਈ ਚਾਰ ਲੱਖ ਰੁਪਏ ਪ੍ਰਤੀ ਘਰ, ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਮਜ਼ਦੂਰਾਂ ਦੇ ਪ੍ਰਤੀ ਪਰਿਵਾਰ 20,000 ਰੁਪਏ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਬੋਘ ਸਿੰਘ ਮਾਨਸਾ ਅਤੇ ਦਲਬੀਰ ਸਿੰਘ ਬੇਦਾਦਪੁਰ ਤੇ ਸਬੰਧਤ ਯੂਨੀਅਨਾਂ ਦੇ ਪ੍ਰਧਾਨ ਹਾਜ਼ਰ ਸਨ। ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਦੀਆਂ ਅਤੇ ਨਾਲਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਹੋਣ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਹੈ। ਜਥੇਬੰਦੀਆਂ ਨੇ ਮੰਗ ਕੀਤੀ ਕਿ ਸੰਕਟ ਦੀ ਇਸ ਘੜੀ ਵਿੱਚ ਕਿਸਾਨਾਂ ਦਾ ਕੁੱਲ ਕਰਜ਼ਾ ਮੁਆਫ਼ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਪਿਛਲੇ ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਦਾ 15 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਮੁਆਫ਼ ਕਰ ਚੁੱਕੀ ਹੈ। ਮੀਟਿੰਗ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਪ੍ਰਤੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਬਚਾਅ ਲਈ ਸਰਕਾਰ ਅੱਗੇ ਨਹੀਂ ਆਈ। ਮੀਟਿੰਗ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਖਾਦਾਂ ਦੀ ਭਾਰੀ ਘਾਟ ਹੈ ਅਤੇ ਕਿਸਾਨ ਖਾਦ ਮਿਲਣ ਦੀ ਉਡੀਕ ਕਰ ਰਹੇ ਹਨ ਕਿਉਂਕਿ ਹੜ੍ਹਾਂ ਕਾਰਨ ਖ਼ਪਤ ਕਈ ਗੁਣਾ ਵਧ ਗਈ ਹੈ। ਇਸ ਤੋਂ ਇਲਾਵਾ ਨਹਿਰੀ ਪਾਣੀ ਦੀ ਸਮੱਸਿਆ ਨੂੰ ਲੈ ਕੇ 5 ਅਗਸਤ ਨੂੰ ਅੰਬ ਸਾਹਿਬ ਗੁਰਦੁਆਰਾ ਮੁਹਾਲੀ ਵਿੱਚ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਲਿਆ ਗਿਆ।

Advertisement
×