Suspicious death ਧਰਮਕੋਟ: ਲਾਅ ਕਾਲਜ ਦੇ ਪ੍ਰਿੰਸੀਪਲ ਦੀ ਭੇਤਭਰੀ ਹਾਲਤ ’ਚ ਮੌਤ
ਹਰਦੀਪ ਸਿੰਘ ਧਰਮਕੋਟ, 6 ਜਨਵਰੀ ਇੱਥੋਂ ਦੇ ਬਾਬਾ ਕੁੰਦਨ ਸਿੰਘ ਲਾਅ ਕਾਲਜ ਦਾ ਪ੍ਰਿੰਸੀਪਲ ਦੇਰ ਸ਼ਾਮ ਆਪਣੇ ਰਿਹਾਇਸ਼ੀ ਕਮਰੇ ਵਿੱਚ ਸ਼ੱਕੀ ਹਾਲਤ ਵਿੱਚ ਮ੍ਰਿਤ ਪਾਇਆ ਗਿਆ। ਮੌਤ ਦੇ ਕਾਰਨਾਂ ਦਾ ਭੇਤ ਅਜੇ ਬਰਕਰਾਰ ਹੈ। ਉਕਤ ਕਾਲਜ ਦਾ ਪ੍ਰਿੰਸੀਪਲ ਦਲੀਪ ਕੁਮਾਰ...
ਹਰਦੀਪ ਸਿੰਘ
ਧਰਮਕੋਟ, 6 ਜਨਵਰੀ
ਇੱਥੋਂ ਦੇ ਬਾਬਾ ਕੁੰਦਨ ਸਿੰਘ ਲਾਅ ਕਾਲਜ ਦਾ ਪ੍ਰਿੰਸੀਪਲ ਦੇਰ ਸ਼ਾਮ ਆਪਣੇ ਰਿਹਾਇਸ਼ੀ ਕਮਰੇ ਵਿੱਚ ਸ਼ੱਕੀ ਹਾਲਤ ਵਿੱਚ ਮ੍ਰਿਤ ਪਾਇਆ ਗਿਆ। ਮੌਤ ਦੇ ਕਾਰਨਾਂ ਦਾ ਭੇਤ ਅਜੇ ਬਰਕਰਾਰ ਹੈ। ਉਕਤ ਕਾਲਜ ਦਾ ਪ੍ਰਿੰਸੀਪਲ ਦਲੀਪ ਕੁਮਾਰ ਮੂਲ ਰੂਪ ਤੋਂ ਉੜੀਸਾ ਦਾ ਰਹਿਣ ਵਾਲਾ ਸੀ ਅਤੇ ਇੱਥੇ ਲਾਅ ਕਾਲਜ ਵਿੱਚ ਲੰਬੇ ਸਮੇਂ ਤੋਂ ਨਿਯੁਕਤ ਸੀ। ਕਾਲਜ ਵਿੱਚ ਤਿੰਨ ਦਿਨ ਦੀਆਂ ਛੁੱਟੀਆਂ ਚੱਲ ਰਹੀਆਂ ਸਨ।
ਪ੍ਰਿੰਸੀਪਲ ਦੀ ਪਤਨੀ ਤਿੰਨ ਦਿਨਾਂ ਤੋਂ ਹੀ ਫੋਨ ਉੱਤੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਫੋਨ ਚੁੱਕ ਨਹੀਂ ਚੁੱਕ ਰਿਹਾ ਸੀ। ਕੱਲ੍ਹ ਵੀ ਉਹ ਦਿਨ ਸਾਰਾ ਫੋਨ ਕਰਦੀ ਰਹੀ ਤੇ ਜਦੋਂ ਪ੍ਰਿੰਸੀਪਲ ਨੇ ਫੋਨ ਨਾ ਉਠਾਇਆ ਤਾਂ ਕੁਝ ਸ਼ੱਕ ਪੈਣ ਉੱਤੇ ਉਸ ਨੇ ਕਾਲਜ ਦੇ ਰਾਣਾ ਨਾਮ ਦੇ ਸੇਵਾਦਾਰ ਨਾਲ ਸੰਪਰਕ ਕੀਤਾ। ਜਦੋਂ ਸੇਵਾਦਾਰ ਨੇ ਮਕਾਨ ਮਾਲਕ ਨੂੰ ਨਾਲ ਲੈ ਕੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਪ੍ਰਿੰਸੀਪਲ ਦੀ ਮੌਤ ਚੁੱਕੀ ਸੀ। ਇਸ ਸਬੰਧੀ ਸੂਚਨਾ ਕਾਲਜ ਪ੍ਰਬੰਧਕਾਂ ਅਤੇ ਪੁਲੀਸ ਨੂੰ ਦਿੱਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਪ੍ਰਿੰਸੀਪਲ ਦੀ ਮੌਤ ਦੋ-ਤਿੰਨ ਪਹਿਲਾਂ ਹੋਈ ਦੱਸੀ ਜਾਂਦੀ ਹੈ। ਪੁਲੀਸ ਨੇ ਸਮਾਜ ਸੇਵੀਆਂ ਦੀ ਮਦਦ ਨਾਲ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਰੱਖਿਆ ਹੈ। ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਅਸਲ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਉੱਤੇ ਹੀ ਲੱਗੇਗਾ। ਉਨ੍ਹਾਂ ਦੱਸਿਆ ਕਿ ਵਾਰਿਸਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਹੋਵੇਗਾ ਅਤੇ ਅਗੇਰਲੀ ਕਾਰਵਾਈ ਕੀਤੀ ਜਾਵੇਗੀ। ਲਾਅ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਪ੍ਰਿੰਸੀਪਲ ਕਾਲਜ ਵਿੱਚ ਸਾਲ 2007 ਤੋਂ ਤਾਇਨਾਤ ਸੀ ਅਤੇ ਇਕ ਸਾਲ ਬਾਅਦ ਉਸ ਦੀ ਸੇਵਾਮੁਕਤੀ ਹੋਣ ਵਾਲੀ ਸੀ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ।