ਗੁਰਦੀਪ ਸਿੰਘ ਟੱਕਰ
ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿਚ ਸੀ ਬੀ ਆਈ ਟੀਮ ਅੱਜ ਮੁੜ ਮਾਛੀਵਾੜਾ ਵਿਚ ਜਾਂਚ ਲਈ ਪੁੱਜੀ। ਕੇਂਦਰੀ ਏਜੰਸੀ ਭੁੱਲਰ ਦੇ ਘਰੋਂ ਮਿਲੇ ਪ੍ਰਾਪਰਟੀ ਦਸਤਾਵੇਜ਼, ਜਿਸ ਵਿਚ ਨੇੜਲੇ ਪਿੰਡ ਮੰਡ ਸ਼ੇਰੀਆਂ ਵਿਖੇ 55 ਏਕੜ ਜ਼ਮੀਨ ਅਤੇ ਸ਼ਹਿਰ ਵਿਚ ਜੋ ਦੁਕਾਨਾਂ ਹਨ, ਸਬੰਧੀ ਜਾਂਚ ਵਿਚ ਜੁਟੀ ਹੋਈ ਹੈ। ਟੀਮ ਵਲੋਂ ਅੱਜ ਜਿਨ੍ਹਾਂ ਵਿਅਕਤੀਆਂ ਤੋਂ ਭੁੱਲਰ ਨੇ ਜਾਇਦਾਦਾਂ ਖਰੀਦੀਆਂ, ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ। ਮੰਡ ਸ਼ੇਰੀਆਂ ਵਿਖੇ, ਜੋ ਜ਼ਮੀਨ ਭੁੱਲਰ ਵਲੋਂ ਕੁਝ ਸਾਲ ਪਹਿਲਾਂ ਖਰੀਦੀ ਗਈ ਹੈ, ਨੂੰ ਵੇਚਣ ਵਾਲਿਆਂ ਨੂੰ ਸੀ ਬੀ ਆਈ ਜਲਦ ਤਲਬ ਕਰ ਸਕਦੀ ਹੈ।
ਸੀ ਬੀ ਆਈ ਵਲੋਂ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਪਿੰਡ ਮੰਡ ਸ਼ੇਰੀਆਂ ਵਿਖੇ ਫਾਰਮ ਹਾਊਸ ਤੇ ਦੁਕਾਨਾਂ ਤੋਂ ਇਲਾਵਾ ਉਸ ਦੀ ਕੋਈ ਬੇਨਾਮੀ ਜਾਇਦਾਦ ਤਾਂ ਨਹੀਂ ਅਤੇ ਜੇ ਹੈ ਤਾਂ ਉਹ ਕਿਸ ਦੇ ਨਾਮ ’ਤੇ ਹੈ। ਏਜੰਸੀ ਵਲੋਂ ਅੱਜ ਥਾਣਾ ਕੂੰਮਕਲਾਂ ਦੇ ਪਿੰਡ ਵਿਚ ਵੀ ਛਾਪੇਮਾਰੀ ਕੀਤੀ ਗਈ ਅਤੇ ਉੱਥੇ ਲਗਾਤਾਰ ਤਲਾਸ਼ੀ ਲਈ ਗਈ, ਜਿਸ ਦੇ ਤਾਰ ਵੀ ਭੁੱਲਰ ਨਾਲ ਜੁੜੇ ਹੋਏ ਹਨ। ਸੀ ਬੀ ਆਈ ਟੀਮ ਅੱਜ ਮਾਛੀਵਾੜਾ ਥਾਣੇ ਵਿੱਚ ਵੀ ਪੁੱਜੀ, ਜਿੱਥੇ ਉਸ ਨੇ ਥਾਣਾ ਮੁਖੀ ਨਾਲ ਮੁਲਾਕਾਤ ਕੀਤੀ। ਅੱਜ ਮਾਛੀਵਾੜਾ ਇਲਾਕੇ ਵਿਚ ਛਾਪੇ ਸਬੰਧੀ ਜਦੋਂ ਸੀ ਬੀ ਆਈ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਦੂਜੇ ਪਾਸੇ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਵੀ ਸਿਰਫ਼ ਇੰਨਾ ਦੱਸਿਆ ਕਿ ਸੀ ਬੀ ਆਈ ਟੀਮ ਭੁੱਲਰ ਦੇ ਮਾਮਲੇ ਵਿਚ ਆਈ ਹੈ। ਟੀਮ ਨੇ ਕਿੱਥੇ ਛਾਪੇਮਾਰੀ ਕੀਤੀ ਅਤੇ ਉਸ ਨੂੰ ਕੁਝ ਮਿਲਿਆ ਜਾਂ ਨਹੀਂ, ਬਾਰੇ ਕੋਈ ਜਾਣਕਾਰੀ ਨਹੀਂ।
ਲੁਧਿਆਣਾ (ਗਗਨਦੀਪ ਅਰੋੜਾ): ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਅੱਜ ਸੀ ਬੀ ਆਈ ਨੇ ਇਸ ਸ਼ਹਿਰ ਵਿੱਚ ਵੀ ਛਾਪੇ ਮਾਰੇ। ਟੀਮ ਸਵੇਰੇ ਸਵੇਰੇ ਪੱਖੋਵਾਲ ਰੋਡ ਸਥਿਤ ਸਰਗੋਧਾ ਕਲੋਨੀ ਵਿੱਚ ਪੁੱਜੀ, ਜਿਥੇ ਗੁਲਾਟੀ ਹਾਊਸ ਵਿੱਚ ਛਾਪਾ ਮਾਰਿਆ। ਇਸ ਘਰ ਵਿੱਚ ਕੋਈ ਪ੍ਰਾਪਰਟੀ ਡੀਲਰ ਰਹਿੰਦਾ ਹੈ। ਮੰਗਲਵਾਰ ਸਵੇਰੇ ਪਹੁੰਚੀ ਟੀਮ ਨੇ ਪ੍ਰਾਪਰਟੀ ਡੀਲਰ ਦੇ ਘਰ ਦੀ ਲਗਪਗ ਤਿੰਨ ਤੋਂ ਚਾਰ ਘੰਟੇ ਜਾਂਚ ਕੀਤੀ ਅਤੇ ਉੱਥੋਂ ਕਈ ਦਸਤਾਵੇਜ਼ ਜ਼ਬਤ ਕੀਤੇ।
ਪਟਿਆਲਾ ਵਿੱਚ ਪ੍ਰਾਪਰਟੀ ਡੀਲਰ ਦੇ ਘਰ ਅਤੇ ਦਫਤਰ ’ਤੇ ਛਾਪੇ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸੀ ਬੀ ਆਈ ਦੀ ਟੀਮ ਨੇ ਇਥੇ ਬੀ ਐੱਚ ਪ੍ਰਾਪਰਟੀ ਫਰਮ ਦੇ ਇਥੇ ਸਥਿਤ ਘਰ ਅਤੇ ਦਫਤਰ ਵਿੱਚ ਛਾਪੇ ਮਾਰੇ। ਭਾਵੇਂ ਅਧਿਕਾਰਤ ਤੌਰ ‘ਤੇ ਤਾਂ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਇਹ ਗੱਲ ਚਰਚਾ ਹੈ ਕਿ ਇਹ ਕਾਰਵਾਈ ਹਰਚਰਨ ਸਿੰਘ ਭੁੱਲਰ ਦੇ ਮਾਮਲੇ ’ਚ ਕੀਤੀ ਗਈ ਹੈ। ਭੁੱਲਰ ਵੱਲੋਂ ਇਸ ਫਰਮ ਰਾਹੀਂ ਬਨੂੜ ਅਤੇ ਕੁਝ ਹੋਰ ਥਾਈਂ ਪ੍ਰਾਪਰਟੀ ਖਰੀਦੀ ਗਈ ਸੀ। ਇਸੇ ਦੌਰਾਨ ਸੀ ਬੀਆ ਈ ਨੇ ਪਹਿਲਾਂ ਇਸ ਫਰਮ ਦੇ ਸੰਚਾਲਕਾਂ/ਮਾਲਕਾਂ ਦੀ ਇੱਥੇ ਨਿਊ ਮੋਤੀ ਬਾਗ ਕਲੋਨੀ ਵਿੱਚ ਸਥਿਤ ਰਿਹਾਇਸ਼ ’ਤੇ ਛਾਪੇ ਮਾਰੇ। ਇੱਥੇ ਲਗਾਤਾਰ ਕਈ ਘੰਟੇ ਜਾਂਚ ਪੜਤਾਲ ਕਰਨ ਤੋਂ ਬਾਅਦ ਸ਼ਾਮ ਇਸੇ ਫਰਮ ਦੇ ਇੱਥੇ ਬੁੱਢਾ ਦਲ ਸਕੂਲ ਦੇ ਨੇੜੇ ਸਥਿਤ ਮੁੱਖ ਦਫਤਰ ਦੀ ਛਾਣਬੀਣ ਕੀਤੀ।

