DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਖਵਿੰਦਰ ਕਲਕੱਤਾ ਹੱਤਿਆ ਮਾਮਲੇ ਦੀ ਸੀ ਬੀ ਆਈ ਜਾਂਚ ਮੰਗੀ

ਪੰਜਾਬ ਪੁਲੀਸ ਦੀ ਜਾਂਚ ’ਤੇ ਭਰੋਸਾ ਨਹੀਂ: ਚੰਨੀ; ਸ਼ਹਿਣਾ ’ਚ ਦੂਜੇ ਦਿਨ ਜਾਰੀ ਰਿਹਾ ਧਰਨਾ

  • fb
  • twitter
  • whatsapp
  • whatsapp
featured-img featured-img
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ।
Advertisement

ਪ੍ਰਮੋਦ ਕੁਮਾਰ ਸਿੰਗਲਾ

ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਹੱਤਿਆ ਦਾ ਮਾਮਲਾ ਭਖ਼ ਗਿਆ ਹੈ। ਅੱਜ ਦੂਜੇ ਦਿਨ ਸਿਆਸੀ ਪਾਰਟੀਆਂ, ਬਲਾਕ ਸ਼ਹਿਣਾ ਦੇ ਪੰਚਾਂ-ਸਰਪੰਚਾਂ, ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਬੱਸ ਅੱਡੇ ਨੇੜੇ ਚੱਕਾ ਜਾਮ ਕਰ ਕੇ ਧਰਨਾ ਜਾਰੀ ਰੱਖਿਆ। ਧਰਨੇ ਵਿੱਚ ਪੁੱਜੇ ਕਾਂਗਰਸ ਦੇ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਦੀ ਹੱਤਿਆ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ। ਪੰਜਾਬ ਪੁਲੀਸ ਦੀ ਜਾਂਚ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਲਕੱਤਾ ਦੇ ਭਰਾ ਨੇ ਹੁਕਮਰਾਨ ਪਾਰਟੀ ਦੇ ਇੱਕ ਵਿਧਾਇਕ ਦਾ ਨਾਮ ਲਿਖਵਾਇਆ ਸੀ ਪਰ ਪੁਲੀਸ ਨੇ ਉਸ ਦਾ ਨਾਂ ਨਹੀਂ ਲਿਖਿਆ। ਹੁਣ ਸੀਬੀਆਈ ਹੀ ਅਸਲ ਸੱਚਾਈ ਸਾਹਮਣੇ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੱਚ ਦੇ ਰਾਹ ’ਤੇ ਤੁਰਨਗੇ ਉਨ੍ਹਾਂ ਨੂੰ ਗੋਲੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੁਖਵਿੰਦਰ ਕਲਕੱਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਸ ਦਾ ਅਸਲਾ ਮੋੜਿਆ ਜਾਵੇ ਜਾਂ ਉਸ ਨੂੰ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਉਸ ਨੂੰ ਹੁਕਮਰਾਨ ਪਾਰਟੀ ਦੇ ਇੱਕ ਆਗੂ ਤੋਂ ਖ਼ਤਰਾ ਹੈ।

Advertisement

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੁੱਤ ਦੇ ਕਤਲ ਪਿੱਛੋਂ ਜੋ ਸੰਤਾਪ ਉਸ ਨੇ ਪਿਛਲੇ ਤਿੰਨ ਸਾਲਾਂ ਵਿੱਚ ਹੰਢਾਇਆ ਹੈ, ਉਹ ਉਹ ਹੀ ਜਾਣਦਾ ਹੈ। ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਸਰਕਾਰੀ ਤੰਤਰ ਦੀਆਂ ਅੱਖਾਂ ਵਿੱਚ ਰੜਕਦਾ ਸੀ। ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਤਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

Advertisement

ਧਰਨੇ ਵਿੱਚ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਬੀਬੀ ਸੁਰਿੰਦਰ ਕੌਰ ਬਾਲੀਆਂ ਤੇ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਈਮਾਨ ਸਿੰਘ ਮਾਨ ਸਣੇ ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੈ ਗਈ ਹੈ।

ਕਲਕੱਤਾ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਬਰਨਾਲਾ (ਰਵਿੰਦਰ ਰਵੀ): ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ­, ਗੁਰਦੀਪ ਦਾਸ ਅਤੇ ਜਗਵਿੰਦਰ ਸਿੰਘ ਵਾਸੀ ਸ਼ਹਿਣਾ ਵਜੋਂ ਹੋਈ ਹੈ। ਐੱਸ ਐੱਸ ਪੀ ਦਫ਼ਤਰ ਵਿੱਚ ਡੀ ਆਈ ਜੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਰਾਤ ਹੀ ਫੜ ਲਿਆ ਸੀ ਅਤੇ ਇੱਕ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪਿਸਤੌਲ, ਤਿੰਨ ਕਾਰਤੂਸ ਅਤੇ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਦੀਪ ਦਾਸ ਦੀ ਮਾਂ 2018 ਵਿੱਚ ਸੁਖਵਿੰਦਰ ਕਲਕੱਤਾ ਦੀ ਮਾਂ ਤੋਂ ਸਰਪੰਚੀ ਚੋਣ ਹਾਰ ਗਈ ਸੀ ਅਤੇ ਚੋਣ ਜਿੱਤਣ ਤੋਂ ਬਾਅਦ ਗੁਰਦੀਪ ਤੋਂ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਸੀ। ਇਸ ਕਾਰਨ ਗੁਰਦੀਪ ਮ੍ਰਿਤਕ ਨਾਲ ਰੰਜਿਸ਼ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਕਤਲ ਕਰਨ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਕਲਕੱਤਾ ਤੋਂ ਪੈਸੇ ਲੈਣੇ ਸਨ। ਇਸ ਦੀ ਪੁਸ਼ਟੀ ਮੁਲਜ਼ਮ ਨੇ ਲਾਈਵ ਹੋ ਕੇ ਵੀ ਕੀਤੀ ਹੈ। ਤੀਜਾ ਜਗਵਿੰਦਰ ਸਿੰਘ ਉਰਫ਼ ਪਪਲੂ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਨਾਲ ਅਸਲਾ ਲੈਣ ਲੁਧਿਆਣਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਰਿਮਾਂਡ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਕੇਸ ਵਿੱਚ ਹਲਕਾ ਵਿਧਾਇਕ ਨੂੰ ਨਾਮਜ਼ਦ ਕਰਨ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਜੋ ਵੀ ਸ਼ਾਮਲ ਹੋਇਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਡੀ ਆਈ ਜੀ ਚਹਿਲ ਨੇ ਸੁਖਵਿੰਦਰ ਸਿੰਘ ਕਲਕੱਤਾ ਦਾ ਅਸਲਾ ਜਮ੍ਹਾਂ ਕਰਵਾਉਣ ਦੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਅਤੇ ਹੋਰ ਅਧਿਕਾਰੀ ਮੌਜੂਦ ਸਨ।

Advertisement
×