ਸੁੱਖਣਵਾਲਾ ਕਾਂਡ: ਪੁਲੀਸ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ
ਹਫਤਾ ਪਹਿਲਾਂ ਇਥੋਂ ਨੇੜਲੇ ਪਿੰਡ ਸੁੱਖਣਵਾਲਾ ਵਿੱਚ ਪਤਨੀ ਤੇ ਉਸ ਦੇ ਪ੍ਰੇਮੀ ਵੱਲੋਂ ਰਲ ਕੇ ਕਤਲ ਕੀਤੇ ਗੁਰਵਿੰਦਰ ਸਿੰਘ ਮਾਮਲੇ ਵਿੱਚ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਪੁਲੀਸ ’ਤੇ ਢਿੱਲੀ ਕਾਰਗੁਜ਼ਾਰੀ ਦੇ ਇਲਜ਼ਾਮ ਲਾਏ ਹਨ। ਪਿੰਡ ਦੇ ਵਸਨੀਕ ਸਵਰਨ ਸਿੰਘ,...
ਹਫਤਾ ਪਹਿਲਾਂ ਇਥੋਂ ਨੇੜਲੇ ਪਿੰਡ ਸੁੱਖਣਵਾਲਾ ਵਿੱਚ ਪਤਨੀ ਤੇ ਉਸ ਦੇ ਪ੍ਰੇਮੀ ਵੱਲੋਂ ਰਲ ਕੇ ਕਤਲ ਕੀਤੇ ਗੁਰਵਿੰਦਰ ਸਿੰਘ ਮਾਮਲੇ ਵਿੱਚ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਪੁਲੀਸ ’ਤੇ ਢਿੱਲੀ ਕਾਰਗੁਜ਼ਾਰੀ ਦੇ ਇਲਜ਼ਾਮ ਲਾਏ ਹਨ। ਪਿੰਡ ਦੇ ਵਸਨੀਕ ਸਵਰਨ ਸਿੰਘ, ਚਰਨਜੀਤ ਸਿੰਘ ਸੁੱਖਣਵਾਲਾ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਹੁਣ ਤੱਕ ਦੀ ਪੜਤਾਲ ਅਤੇ ਕਾਰਵਾਈ ਬਾਰੇ ਪੀੜਤ ਪਰਿਵਾਰ ਨੂੰ ਕੁਝ ਨਹੀਂ ਦੱਸ ਰਹੀ। ਘਟਨਾ ਸਮੇਂ ਘਰ ਵਿੱਚ 2 ਤੋਂ ਵੱਧ ਵਿਅਕਤੀ ਹਾਜ਼ਰ ਸਨ ਪਰ ਪੁਲੀਸ ਨੇ ਇਸ ਬਾਰੇ ਕੋਈ ਪੜਤਾਲ ਨਹੀਂ ਕੀਤੀ। ਪਿੰਡ ਵਾਸੀ ਜਗਮੀਤ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰੀ ਸਮੇਂ ਗੁਰਵਿੰਦਰ ਸਿੰਘ ਦੀ ਪਤਨੀ ਘਰ ਵਿੱਚ ਹੀ ਸੀ, ਜਦੋਂਕਿ ਕਤਲ ਦਾ ਮੁੱਖ ਸਾਜ਼ਿਸ਼ਘਾੜਾ ਹਰਕੰਵਲਜੀਤ ਸਿੰਘ ਦੋ ਦਿਨ ਫਰੀਦਕੋਟ ਦੀਆਂ ਅਦਾਲਤਾਂ ਵਿੱਚ ਘੁੰਮਦਾ ਰਿਹਾ ਹੈ ਪਰ ਪੁਲੀਸ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ। ਗੁਰਵਿੰਦਰ ਸਿੰਘ ਨੂੰ ਪਹਿਲਾਂ ਨਸ਼ੇ ਦਾ ਟੀਕਾ ਲਾ ਕੇ ਮਾਰਨਾ ਸੀ ਪਰ ਪੁਲੀਸ ਵੱਲੋਂ ਹਾਲੇ ਤੱਕ ਸਰਿੰਜ ਜਾਂ ਨਸ਼ੀਲੇ ਪਦਾਰਥ ਮੁਲਜ਼ਮਾਂ ਕੋਲੋਂ ਬਰਾਮਦ ਨਹੀਂ ਕੀਤੇ ਗਏ। ਪੀੜਤ ਪਰਿਵਾਰ ਅਨੁਸਾਰ ਘਰ ਵਿੱਚੋਂ ਕੀਮਤੀ ਸਾਮਾਨ ਚੋਰੀ ਹੈ ਤੇ ਪੁਲੀਸ ਨੇ ਦੋਹਾਂ ਮੁਲਜ਼ਮਾਂ ਤੋਂ ਇਹ ਸਾਮਾਨ ਵੀ ਬਰਾਮਦ ਨਹੀਂ ਕੀਤਾ। ਸਵਰਨ ਸਿੰਘ ਅਤੇ ਜਗਮੀਤ ਸਿੰਘ ਨੇ ਕਿਹਾ ਕਿ ਪੁਲੀਸ ਦੇ ਢਿੱਲੇ ਤੇ ਪੱਖਪਾਤੀ ਰਵੱਈਏ ਕਾਰਨ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਪੁਲੀਸ ਨੇ ਇਸ ਅਤਿ ਸੰਵੇਦਨਸ਼ੀਲ ਅਪਰਾਧ ਦੀ ਪੜਤਾਲ ਵਿੱਚ ਕੋਈ ਗੰਭੀਰਤਾ ਨਹੀਂ ਦਿਖਾਈ।
ਕੀ ਕਹਿੰਦੇ ਨੇ ਜ਼ਿਲ੍ਹਾ ਪੁਲੀਸ ਮੁਖੀ
ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਕਿਹਾ ਕਿ ਪੁਲੀਸ ਦੀ ਪੂਰੀ ਟੀਮ ਇਸ ਕਤਲ ਕੇਸ ਦੀ ਪੜਤਾਲ ਵਿੱਚ ਜੁਟੀ ਹੋਈ ਹੈ ਅਤੇ ਕਤਲ ਦੇ ਦੋਵੇਂ ਮੁਲਜ਼ਮ ਪੁਲੀਸ ਰਿਮਾਂਡ ’ਤੇ ਹਨ ਅਤੇ ਜਲਦ ਹੀ ਕਤਲ ਦੀ ਸਾਰੀ ਸਾਜ਼ਿਸ਼ ਸਾਹਮਣੇ ਆ ਜਾਵੇਗੀ।

