ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਜਲ-ਪ੍ਰਵਾਹ
ਬੀ ਐੱਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 1 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀਆਂ ਅਸਥੀਆਂ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਬਣੇ ਅਸਥਘਾਟ ਤੋਂ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਪਰਿਵਾਰਕ ਮੈਂਬਰਾਂ, ਸਕੇ ਸਬੰਧੀਆਂ ਅਤੇ ਪਾਰਟੀ ਵਰਕਰਾਂ ਵੱਲੋਂ ਪਿੰਡ ਉਭਾਵਾਲ ਸੰਗਰੂਰ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਿਆਂਦੀਆਂ ਗਈਆਂ। ਅਸਥੀਆਂ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਅਰਦਾਸ ਕੀਤੀ ਗਈ। ਇਸ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਤੋਂ ਬਾਅਦ ਪਰਿਵਾਰ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਮੱਥਾ ਟੇਕਿਆ ਗਿਆ ਅਤੇ ਕੀਰਤਨ ਸਰਵਣ ਕੀਤਾ ਗਿਆ।
ਇਸ ਮੌਕੇ ਹਰਜੀਤ ਕੌਰ ਢੀਂਡਸਾ (ਪਤਨੀ) ਪਰਮਿੰਦਰ ਸਿੰਘ ਢੀਂਡਸਾ (ਪੁੱਤਰ), ਗਗਨਦੀਪ ਕੌਰ ਢੀਂਡਸਾ ਨੂੰਹ, ਮਨਦੀਪ ਕੌਰ ਸਿੱਧੂ, ਰਮਨਦੀਪ ਕੌਰ ਬਰਾੜ ਦੋਵੇਂ ਧੀਆਂ, ਚਿਰਾਗਵੀਰ ਸਿੰਘ ਪੋਤਰਾ, ਅਮਾਨਤ ਕੌਰ ਪੋਤਰੀ, ਤੇਜਿੰਦਰ ਪਾਲ ਸਿੰਘ ਸਿੱਧੂ, ਐਚ ਐਸ ਬਰਾੜ, ਕਮਲਜੀਤ ਸਿੰਘ ਸੰਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਦਿ ਹਾਜ਼ਰ ਸਨ।
ਅਸਥੀਆਂ ਚੁਗਣ ਮੌਕੇ ਭਾਵੁਕ ਹੋਇਆ ਪਰਿਵਾਰ
ਸੰਗਰੂਰ (ਗੁਰਦੀਪ ਸਿੰਘ ਲਾਲੀ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਚੁਗਣ ਅਤੇ ਅੰਗੀਠਾ ਸਾਂਭਣ ਦੀ ਰਸਮ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ ਵਿਚ ਹੋਈ। ਇਸ ਮੌਕੇ ਮਾਹੌਲ ਉਸ ਸਮੇਂ ਭਾਵੁਕ ਹੋ ਗਿਆ ਜਦੋਂ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਅੰਗੀਠੇ ਦੀ ਰਸਮ ਮੌਕੇ ਫੁੱਟ-ਫੁੱਟ ਰੋਏ। ਮਰਹੂਮ ਢੀਂਡਸਾ ਦੀਆਂ ਅਸਥੀਆਂ ਉਨ੍ਹਾਂ ਦੇ ਪੋਤਰੇ ਚਿਰਾਗਵੀਰ ਸਿੰਘ ਢੀਂਡਸਾ ਨੇ ਸੰਭਾਲੀਆਂ। ਇਸ ਮੌਕੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਉਘੇ ਵਕੀਲ ਐਚ.ਐਸ.ਫੂਲਕਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਆਦਿ ਮੌਜੂਦ ਸਨ।