Sukhbir singh Badal: ਸੁਖਬੀਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ: ਰਣਜੀਤ ਸਿੰਘ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਫਰਵਰੀ
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪੰਥਕ ਅਕਾਲੀ ਲਹਿਰ ਹਲਕਾ ਤਲਵੰਡੀ ਸਾਬੋ ਦੀ ਇੱਕ ਇਕੱਤਰਤਾ ਇੱਥੇ ਬੁੰਗਾ ਨਾਨਕਸਰ ਸਾਹਿਬ ਰਵਿਦਾਸੀਆਂ ਸਿੰਘਾਂ ਵਿਖੇ ਲਹਿਰ ਦੇ ਪ੍ਰਧਾਨ ਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮੇਟੀ ਚੋਣਾਂ ਦੌਰਾਨ ਸਿੱਖ ਪੰਥ ਦੀ ਮਾਣ ਮਰਿਆਦਾ ਕਾਇਮ ਰੱਖਣ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਸਿੱਖ ਪੰਥ ਦਾ ਜਿੰਨਾ ਨੁਕਸਾਨ ਅੱਜ ਤੱਕ ਬਾਦਲ ਪਰਿਵਾਰ ਨੇ ਕੀਤਾ ਹੈ ਉਸ ਦੇ ਇਵਜ਼ ਵਜੋਂ 2 ਦਸੰਬਰ ਨੂੰ ਪੰਜ ਜਥੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਸੀ। ਅਜਿਹਾ ਹੋਣ ਨਾਲ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਖੁਦ ਬ ਖੁਦ ਬਾਦਲ ਪਰਿਵਾਰ ਦੇ ਗਲਬੇ ਤੋਂ ਮੁਕਤ ਹੋ ਜਾਣੀ ਸੀ। ਹੁਣ ਤਾਂ ਸਗੋਂ ਹਾਲਾਤ ਇਹ ਬਣ ਗਏ ਨੇ ਕਿ ਜਿਸ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ ਉਹ ਇੱਕ ਵਾਰ ਫਿਰ ਅਕਾਲੀ ਦਲ ਦਾ ਪ੍ਰਧਾਨ ਬਣਨ ਵੱਲ ਵਧ ਰਿਹਾ ਹੈ ਜਦਕਿ ਅਸਲ ’ਚ ਸਜ਼ਾ ਤਾਂ ਜਥੇਦਾਰਾਂ ਨੂੰ ਲੱਗ ਗਈ। ਸਿੰਘ ਸਾਹਿਬ ਨੇ ਕਿਹਾ ਕਿ ਜਥੇਦਾਰਾਂ ਦੇ ਕਾਰਜਕਾਲ ਅਤੇ ਸੇਵਾ ਮੁਕਤੀ ਸਬੰਧੀ ਵਿਧੀ ਵਿਧਾਨ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਜਥੇਦਾਰ ਅਤੇ ਪੰਜ ਪਿਆਰੇ ਸਾਹਿਬਾਨ ਸਿਰਫ ਮੁਲਾਜ਼ਮ ਬਣ ਕੇ ਹੀ ਰਹਿ ਜਾਣਗੇ ਅਤੇ ਉਹ ਕਦੇ ਵੀ ਪੰਥਕ ਹਿੱਤ ’ਚ ਫੈਸਲਾ ਨਹੀਂ ਲੈ ਸਕਣਗੇ।ਉਨ੍ਹਾਂ ਕਿਹਾ ਕਿ ਤਕਰੀਬਨ 15 ਅਰਬ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਵੱਲੋਂ ਸੂਬੇ ਅੰਦਰ ਇੱਕ ਵੀ ਅਜਿਹਾ ਵੱਡਾ ਸਕੂਲ ਜਾਂ ਹਸਪਤਾਲ ਨਹੀਂ ਬਣਾਇਆ ਗਿਆ ਜਿੱਥੇ ਸਿੱਖ ਬੱਚਿਆਂ ਨੂੰ ਮਿਆਰੀ ਵਿੱਦਿਆ ਮੁਫ਼ਤ ਜਾਂ ਘੱਟ ਫੀਸਾਂ ’ਤੇ ਦਿੱਤੀ ਜਾ ਸਕੇ। ਜਦਕਿ ਸੂਬੇ ਵਿੱਚ ਇਸਾਈਆਂ ਵੱਲੋਂ ਚਲਾਏ ਜਾ ਰਹੇ ਸਕੂਲਾਂ ’ਚ ਦਾਖ਼ਲੇ ਲੈਣ ਲਈ ਹੋੜ ਲੱਗੀ ਰਹਿੰਦੀ ਹੈ। ਇੱਥੇ ਇਸਾਈਆਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਕਾਰਨ ਹੀ ਸਰਹੱਦੀ ਖੇਤਰਾਂ ’ਚ ਈਸਾਈਅਤ ਦਾ ਪ੍ਰਚਾਰ ਜ਼ੋਰ ਫੜ ਰਿਹਾ ਹੈ ਅਤੇ ਧਰਮ ਪਰਿਵਰਤਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੁਹਿਰਦ ਸਿੱਖਾਂ ਦੇ ਹੱਥਾਂ ’ਚ ਰੱਖਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਈਆਂ ਜਾਣ ਅਤੇ ਵੋਟਾਂ ਸਮੇਂ ਪੰਥ ਹਿਤੈਸ਼ੀ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਮੀਟਿੰਗ ਮੌਕੇ ਮੌਜੂਦ ਸੰਗਤ ਨੇ ਭਾਈ ਰਣਜੀਤ ਸਿੰਘ ਦਾ ਸਨਮਾਨ ਵੀ ਕੀਤਾ। ਇਸ ਮਗਰੋਂ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।
ਮੀਟਿੰਗ ਵਿੱਚ ਭੋਲਾ ਸਿੰਘ ਕਾਹਨਗੜ੍ਹ, ਨਛੱਤਰ ਸਿੰਘ ਭਿੰਡਰਾਂ ਵਾਲੇ, ਭਾਈ ਪ੍ਰਗਟ ਸਿੰਘ ਭੋਡੀਪੁਰਾ, ਸਾਗਰ ਸਿੰਘ ਝੁਨੀਰ, ਸ਼ਮਸ਼ੇਰ ਸਿੰਘ ਖਾਲਸਾ, ਟੇਕ ਸਿੰਘ ਸੇਵਾਮੁਕਤ ਐਕਸੀਅਨ, ਅੰਮ੍ਰਿਤ ਸਿੰਘ ਰਤਨਗੜ੍ਹ, ਬਲਵੰਤ ਸਿੰਘ ਲੇਲੇਵਾਲਾ, ਬਹਾਦਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ, ਬਚਿੱਤਰ ਸਿੰਘ ਅਤੇ ਅਵਤਾਰ ਸਿੰਘ ਚੋਪੜਾ ਦੋਵੇਂ ਸਾਬਕਾ ਉਪ ਚੇਅਰਮੈਨ, ਬਲਦੇਵ ਸਿੰਘ ਲੇਲੇਵਾਲਾ ਮੌਜੂਦ ਸਨ।